ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਸੋਸ਼ਲ ਮੀਡੀਆ ਵਿਚ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਨਾਂਅ ’ਤੇ ਵਾਇਰਲ ਹੋਈ ਪੋਸਟ ਨੂੰ ਜਾਲ੍ਹੀ ਤੇ ਸ਼ਰਾਰਤ ਭਰੀ ਕਰਾਰ ਦਿੱਤਾ। ਚੀਫ ਜਸਟਿਸ ਦੀ ਤਸਵੀਰ ਵਾਲੀ ਪੋਸਟ ਵਿਚ ਉਨ੍ਹਾ ਦੀ ਤਰਫੋਂ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਰਕਾਰ ਖਿਲਾਫ ਪ੍ਰੋਟੈੱਸਟ ਕਰਨ ਲਈ ਨਿਕਲਣ। ਪੋਸਟ ਦੀ ਕੈਪਸ਼ਨ ਸੀ‘ਇੰਡੀਅਨ ਡੈਮੋਕਰੇਸੀ ਸੁਪਰੀਮ ਕੋਰਟ ਜ਼ਿੰਦਾਬਾਦ।’ ਚੀਫ ਜਸਟਿਸ ਦੇ ਹਵਾਲੇ ਨਾਲ ਪੋਸਟ ਵਿਚ ਲਿਖਿਆ ਗਿਆਅਸੀਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਸ ਲਈ ਤੁਹਾਡੀ ਮਿਲਵਰਤਨ ਵੀ ਬਹੁਤ ਅਹਿਮ ਹੈ, ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਗਲੀਆਂ ਵਿਚ ਨਿਕਲ ਕੇ ਸਰਕਾਰ ਤੋਂ ਆਪਣੇ ਹੱਕਾਂ ਬਾਰੇ ਪੁੱਛਣਾ ਚਾਹੀਦਾ ਹੈ। ਤਾਨਾਸ਼ਾਹ ਸਰਕਾਰ ਲੋਕਾਂ ਨੂੰ ਯਰਕਾਏਗੀ ਤੇ ਧਮਕਾਏਗੀ, ਪਰ ਤੁਸੀਂ ਡਰਨਾ ਨਹੀਂ, ਹੌਸਲਾ ਰੱਖ ਕੇ ਸਰਕਾਰ ਨੂੰ ਸਵਾਲ ਕਰਨੇ, ਮੈਂ ਤੁਹਾਡੇ ਨਾਲ ਹਾਂ।