ਬਾਰਾਮਤੀ : ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਸੋਮਵਾਰ ਕਿਹਾ ਕਿ ਉਨ੍ਹਾ ਦੀ ਪੁਣੇ ਵਿਚ ਭਤੀਜੇ ਅਜੀਤ ਪਵਾਰ ਨਾਲ ਹੋਈ ਮੀਟਿੰਗ ਕਾਰਨ ਮਹਾਂ ਵਿਕਾਸ ਅਘਾੜੀ ਵਿਚ ਕੋਈ ਭੰਬਲਭੂਸਾ ਨਹੀਂ। ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾਅਘਾੜੀ ਮੁਤਹਿਦ ਹੈ ਅਤੇ ਅਸੀਂ ਆਪੋਜ਼ੀਸ਼ਨ ਗੱਠਜੋੜ ‘ਇੰਡੀਆ’ ਦੀ 31 ਅਗਸਤ ਤੇ ਇਕ ਸਤੰਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਕਾਮਯਾਬੀ ਨਾਲ ਜਥੇਬੰਦ ਕਰਾਂਗੇ। ਅਜੀਤ ਪਵਾਰ ਦੇ 2 ਜੁਲਾਈ ਨੂੰ ਏਕਨਾਥ ਸ਼ਿੰਦੇ ਦੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਪਵਾਰ ਦਾ ਆਪਣੇ ਗੜ੍ਹ ਬਾਰਾਮਤੀ ’ਚ ਇਹ ਪਹਿਲਾ ਦੌਰਾ ਸੀ। ਅਘਾੜੀ ਦੇ ਭਾਈਵਾਲਾਂ ਕਾਂਗਰਸ ਤੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਨੇ ਪਵਾਰ ਨੂੰ ਕਿਹਾ ਸੀ ਕਿ ਚਾਚੇ-ਭਤੀਜੇ ਦੀਆਂ ਮੀਟਿੰਗਾਂ ਨਾਲ ਸਿਆਸੀ ਹਲਕਿਆਂ ’ਚ ਪੈਦਾ ਹੋਏ ਭੰਬਲਭੂਸੇ ਬਾਰੇ ਉਹ ਆਪਣੀ ਪੁਜ਼ੀਸ਼ਨ ਸਪੱਸ਼ਟ ਕਰਨ।