ਪਟਿਆਲਾ : ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ ਅੱੈਸ ਈ ਬੀ ਇੰਪਲਾਈਜ਼ ਫੈਡਰੇਸ਼ਨ ਰਜਿ:, ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਸੁਰਿੰਦਰ ਸਿੰਘ ਪਹਿਲਵਾਨ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਬਿਜਲੀ ਕਾਮਿਆਂ ਵੱਲੋਂ ਪੰਜਾਬ ਦੇ ਸਮੁੱਚੇ ਮੰਡਲ ਦਫਤਰਾਂ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰਾਂ ਅਤੇ ਵਧੀਕ ਨਿਗਰਾਨ ਇੰਜੀਨੀਅਰਾਂ ਨੂੰ ਡੈਪੂਟੇਸ਼ਨਾਂ ਰਾਹੀਂ ਮੰਗ ਪੱਤਰ ਦੇ ਕੇ ਪਰਖ ਕਾਲ ਪੂਰਾ ਕਰ ਚੁੱਕੇ ਕਰਮਚਾਰੀਆਂ ਨੂੰ ਪੂਰਾ ਤਲਖਾਹ ਸਕੇਲ ਦੇਣ, ਕਥਿਤ ਇਨਕੁਆਰੀ ਦੇ ਨਾਂਅ ’ਤੇ ਸੀ ਆਰ ਏ 295/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਡਿਊਟੀ ’ਤੇ ਜਾਇੰਨ ਨਾ ਕਰਵਾਉਣ ਵਿਰੁੱਧ ਸਖਤ ਰੋਸ ਪ੍ਰਗਟ ਕੀਤਾ ਗਿਆ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਕਰਮ ਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਜਗਰੂਪ ਸਿੰਘ ਮਹਿਮਦਪੁਰ, ਕੌਰ ਸਿੰਘ ਸੋਹੀ, ਜਗਜੀਤ ਸਿੰਘ ਕੋਟਲੀ, ਜਗਜੀਤ ਸਿੰਘ ਕੰਡਾ, ਅਵਤਾਰ ਸਿੰਘ ਕੈਂਥ, ਕੁਲਵਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਮੋਦਲਾ ਅਤੇ ਸਰਬਜੀਤ ਸਿੰਘ ਭਾਣਾ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਜਾਣ ਬੁੱਝ ਕੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਮੁਲਾਜ਼ਮਾਂ ਨਾਲ ਭਰਤੀ ਸਮੇਂ ਇਕਰਾਰ ਕੀਤਾ ਸੀ ਕਿ ਉਹਨਾਂ ਨੂੰ ਪਰਖ ਕਾਲ ਪੂਰਾ ਹੋਣ ’ਤੇ ਪੂਰਾ ਤਨਖਾਹ ਸਕੇਲ ਸਮੇਤ ਭੱਤੇ ਤੇ ਹੋਰ ਸੇਵਾ ਲਾਭ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਾਇੰਟ ਫੋਰਮ ਨਾਲ ਕੀਤੇ ਸਮਝੌਤੇ ਅਨੁਸਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ। ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਸਕੇਲ ਅਤੇ ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ ਕੀਤਾ ਜਾਵੇਗਾ। ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ, ਪਰੰਤੂ ਮੈਨੇਜਮੈਂਟ ਜਥੇਬੰਦੀ ਨੂੰ ਮੀਟਿੰਗ ਨਾ ਦੇ ਕੇ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਮੁਲਾਜ਼ਮ ਮੰਗਾਂ, ਜਿਵੇਂ ਯੋਗ ਮੁਲਾਜ਼ਮਾਂ ਦੀਆਂ ਤਰੱਕੀਆਂ, ਓ ਸੀ ਤੇ ਹੋਰ ਬਰਾਬਰ ਦੀਆਂ ਕੈਟਾਗਰੀਆਂ ਨੂੰ ਪੇ ਬੈਂਡ ਦੇਣ, ਗਰਿਡ-ਸਬ ਸਟੇਸ਼ਨਾਂ ’ਤੇ ਮੁਲਾਜ਼ਮਾਂ ਦੀ ਸੁਰੱਖਿਆ, ਓਵਰ ਟਾਈਮ ਦੀ ਅਦਾਇਗੀ, ਜੂਨੀਅਰ ਮੀਟਰ ਰੀਡਰ ਨੂੰ ਸਮਾਂਬੱਧ ਸਕੇਲ ਦੇਣ, 23 ਸਾਲਾ ਸੇਵਾ ਬਾਅਦ ਤਰੱਕੀ ਵਾਧਾ ਦੇਣ, ਪੁਨਰ ਉਸਾਰੀ ਦੇ ਨਾਂਅ ’ਤੇ ਮੁਲਾਜ਼ਮਾਂ ਦੀਆ ਹਜ਼ਾਰਾਂ ਪੋਸਟਾਂ ਖਤਮ ਕਰਨਾ, ਥਰਮਲ ਤੇ ਹਾਈਡਲ ਕਾਮਿਆਂ ਦੀਆਂ ਮੰਗਾਂ, ਕੱਚੇ ਕਾਮੇ ਪੱਕੇ ਕਰਨਾ, ਪਾਰਟ ਟਾਈਮ ਸਵੀਪਰ ਰੈਗੂਲਰ ਕਰਨਾ, ਫੋਰਮੈਨ ਦੀਆਂ ਮਨਜ਼ੂਰ ਪੋਸਟਾਂ ਕਨਵਰਟ ਕਰਨਾ, ਅਣ-ਅਧਿਕਾਰਤ ਡਿਊਟੀਆਂ ਲੈਣ ਤੋਂ ਇਲਾਵਾ 50 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਮੰਨਣ ਤੋਂ ਇਨਕਾਰੀ ਹੈ।
ਵੱਖ-ਵੱਖ ਮੰਡਲ ਦਫਤਰਾਂ ਅੱਗੇ ਰੋਸ ਜ਼ਾਹਰ ਕਰਦਿਆਂ ਸਿਕੰਦਰ ਨਾਥ, ਬਰਜਿੰਦਰ ਸ਼ਰਮਾ, ਤੇਜਿੰਦਰ ਸਿੰਘ ਸੇਖਂੋ, ਰਘਬੀਰ ਸਿੰਘ, ਲਖਵਿੰਦਰ ਸਿੰਘ, ਲਖਵੰਤ ਸਿੰਘ ਦਿਓਲ, ਹਰਮੇਸ਼ ਧੀਮਾਨ, ਇੰਦਰਜੀਤ ਸਿੰਘ ਢਿੱਲੋਂ, ਲਖਵੀਰ ਸਿੰਘ ਜ਼ੀਰਾ, ਸੁਖਵਿੰਦਰ ਸਿੰਘ ਦੁੰਮਨਾ, ਜਰਨੈਲ ਸਿੰਘ ਔਲਖ, ਰਾਮ ਸਿੰਘ ਸੈਣੀ ਅਤੇ ਜਗਦੀਪ ਸਿੰਘ ਸਹਿਗਲ ਆਦਿ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਮੁਲਾਜ਼ਮ ਮਸਲੇ ਜਲਦੀ ਹੱਲ ਨਾ ਕੀਤੇ ਅਤੇ ਪੂਰੀ ਤਨਖਾਹ ਨਾ ਦਿੱਤੀ ਅਤੇ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।




