ਪੰਜਾਬੀਆਂ ਨੂੰ ਵਤਨਪ੍ਰਸਤੀ ਲਈ ‘ਫਰਜ਼ੀ ਰਾਸ਼ਟਰਵਾਦੀਆਂ’ ਤੋਂ ਐੱਨ ਓ ਸੀ ਲੈਣ ਦੀ ਲੋੜ ਨਹੀਂ : ਮਾਨ

0
207

ਪਟਿਆਲਾ (ਇਕਬਾਲ ਸਿੰਘ ਬੱਲ, ਗੁਰਪਿਆਰ ਸਿੰਘ ਬੱਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮੀ ਨਾਇਕਾਂ ਦੇ ਸੁਪਨੇ ਸਾਕਾਰ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਖੂਨ ਦਾ ਇਕ-ਇਕ ਕਤਰਾ ਲੇਖੇ ਲਾ ਦੇਣਗੇ।
ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇੱਥੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਵਿਚ ਪੈਦਾਇਸ਼ੀ ਤੌਰ ਉਤੇ ਅਗਵਾਈ ਕਰਨ ਦੀ ਕਾਬਲੀਅਤ ਹੁੰਦੀ ਹੈ ਅਤੇ ਇਹ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਰਹਿ ਸਕਦੇ, ਪਰ ਪੰਜਾਬੀਆਂ ਦੀ ਬੇਅੰਤ ਊਰਜਾ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ, ਜਿਸ ਲਈ ਸੂਬਾ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ, ਦੇਸ਼ ਦਾ ਸਿਰਮੌਰ ਸੂਬਾ ਹੋਵੇਗਾ। ਇਕ ਵਾਰ ਪੰਜਾਬ ਨੇ ਦੇਸ਼ ਦੀ ਅਗਵਾਈ ਕਰ ਲਈ ਤਾਂ ਉਸ ਵੇਲੇ ਭਾਰਤ, ਦੁਨੀਆ ਨੂੰ ਸੇਧ ਦੇਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਝ ਲੋਕ ਭਰਮ-ਭੁਲੇਖੇ ਦਾ ਏਨੀ ਬੁਰੀ ਤਰ੍ਹਾਂ ਸ਼ਿਕਾਰ ਹਨ ਕਿ ਉਹ ਸਾਨੂੰ ਵਤਨਪ੍ਰਸਤੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਤਨਪ੍ਰਸਤੀ ਲਈ ਪੰਜਾਬੀਆਂ ਨੂੰ ਇਨ੍ਹਾਂ ‘ਫਰਜ਼ੀ ਰਾਸ਼ਟਰਵਾਦੀਆਂ’ ਤੋਂ ਐੱਨ ਓ ਸੀ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਅਤੇ ਦੇਸ਼ ਭਗਤਾਂ ਦਾ ਇੱਕ-ਨੁਕਾਤੀ ਏਜੰਡਾ ਦੇਸ਼ ਨੂੰ ਸਾਮਰਾਜਵਾਦ ਤੋਂ ਮੁਕਤ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਨ੍ਹਾਂ ਦੇ ਹੱਥਾਂ ਵਿੱਚ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਭਿ੍ਰਸ਼ਟਾਚਾਰ, ਗਰੀਬੀ, ਬੇਰੁਜ਼ਗਾਰੀ ਆਦਿ ਦੇ ਜੰਜਾਲ ਵਿੱਚ ਜਕੜਿਆ ਹੋਇਆ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਸਰਪੰਚਾਂ ਦੀ ਚੋਣ ਨੂੰ ਸਿਆਸੀ ਪਰਛਾਵੇਂ ਤੋਂ ਮੁਕਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਫਰੀਡਮ ਫਾਈਟਰਜ਼ ਐਸੋਸੀਏਸ਼ਨ ਪਟਿਆਲਾ ਦੇ ਮੈਂਬਰਾਂ ਸਮੇਤ ਤਿੰਨ ਸੁਤੰਤਰਤਾ ਸੈਨਾਨੀਆਂ ਮੋਹਕਮ ਸਿੰਘ, ਅਵਤਾਰ ਸਿੰਘ ਅਤੇ ਚਰਨ ਸਿੰਘ ਨੂੰ ਵੀ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here