ਮੋਦੀ ਨੂੰ ਸੱਤਾ ਤੋਂ ਲਾਂਭੇ ਹੋਣ ਦਾ ਡਰ

0
239

ਈਸੜੂ/ ਲੁਧਿਆਣਾ (ਮਨਿੰਦਰ ਭਾਟੀਆ/ ਗੁਰਮੇਲ ਮੈਲਡੇ/ ਹਰਮਿੰਦਰ ਸੇਠ/ ਜਗਦੀਸ਼ ਬੌਬੀ)-ਸ਼ਹੀਦ ਕਰਨੈਲ ਸਿੰਘ ਈਸੜੂ, ਜਿਹਨਾ 1955 ਵਿਚ ਗੋਆ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਤੇ ਉਨ੍ਹਾ ਦੇ ਦਿਖਾਏ ਹੋਏ ਰਾਹ ’ਤੇ ਚੱਲਣ ਲਈ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਉਨ੍ਹਾ ਦੇ ਪਿੰਡ ਈਸੜੂ ਵਿਖੇ ਵਿਸ਼ਾਲ ਸਮਾਗਮ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਭਰ ਤੋਂ ਇਸਤਰੀਆਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹੋਏ।
ਸਮਾਗਮ ਵਿੱਚ ਬੋਲਦਿਆਂ ਅਮਰਜੀਤ ਕੌਰ ਮੈਂਬਰ ਕੌਮੀ ਸਕੱਤਰੇਤ ਭਾਰਤੀ ਕਮਿਊਨਿਸਟ ਪਾਰਟੀ ਨੇ ਸੱਦਾ ਦਿੱਤਾ ਕਿ ਅੱਜ ਬਹੁਤ ਹੀ ਚੁਣੌਤੀ ਭਰਿਆ ਸਮਾਂ ਹੈ। ਇਕ ਵਾਰ ਫੇੇਰ ਦੇਸ਼ ਨੂੰ ਬਚਾਉਣ ਲਈ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਏਗਾ। ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਇਹ ਸਰਕਾਰ ਹੁਣ ਦੇਸ਼ ਨੂੰ ਫਿਰਕੂ ਲੀਹਾਂ ’ਤੇ ਵੰਡ ਕੇ ਦੰਗੇ ਕਰਵਾਉਣ ’ਤੇ ਉੱਤਰ ਆਈ ਹੈ। ਪਿਛਲੇ ਦਿਨੀਂ ਜੋ ਕੁਝ ਹਰਿਆਣਾ ਦੇ ਨੂਹ ਵਿੱਚ ਵਾਪਰਿਆ, ਇੰਝ ਦੀਆਂ ਹੋਰ ਅਨੇਕਾਂ ਘਟਨਾਵਾਂ ਹੋ ਸਕਦੀਆਂ ਹਨ। ਆਜ਼ਾਦੀ ਦਿਵਸ ’ਤੇ ਲਾਲ ਕਿਲ੍ਹੇ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਗੱਲਾਂ ਵੱਲ ਟੇਡੇ ਢੰਗ ਨਾਲ ਇਸ਼ਾਰਾ ਕਰ ਦਿੱਤਾ ਹੈ। ਘਿਨਾਉਣੀ ਗੱਲ ਪਿਛਲੇ ਦਿਨੀਂ ਜੋ ਵਾਪਰੀ ਕਿ ਮਨੀਪੁਰ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਬਦਸਲੂਕੀ ਕੀਤੀ ਗਈ, ਉਸ ਬਾਰੇ ਸੰਸਦ ਵਿੱਚ ਦੋ ਘੰਟੇ ਤੋਂ ਵੀ ਵੱਧ ਦੇ ਭਾਸ਼ਣ ਵਿੱਚ ਸਿਰਫ ਦੋ ਮਿੰਟ ਗੱਲ ਕਹੀ, ਜੋ ਸੰਵੇਦਨਹੀਣ ਸੀ। ਹੱਸ-ਹੱਸ ਕੇ ਤਾਹਨੇ ਮਾਰਦਿਆਂ ਸੰਸਦ ਵਿੱਚ ਐਸੇ ਮੌਕੇ ’ਤੇ ਇਸ ਕਿਸਮ ਨਾਲ ਬੋਲਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਿਸ ਤਰੀਕੇ ਨਾਲ ਇਸਤਰੀ ਪਹਿਲਵਾਨਾਂ ਨਾਲ ਦੁਰਵਿਹਾਰ ਕੀਤਾ ਗਿਆ, ਇਹ ਪ੍ਰਧਾਨ ਮੰਤਰੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅੱਜ ਦੇਸ਼ ਵਿੱਚ ਅੱਤ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਹੈ, ਜਿਸ ਕਰਕੇ ਲੋਕਾਂ ਵਿੱਚ ਰੋਸ ਫੈਲਿਆ ਹੈ। ਉਨ੍ਹਾ ਕਿਹਾ ਕਿ ਲਾਲ ਕਿਲ੍ਹੇ ਤੋਂ ਦਿੱਤਾ ਭਾਸ਼ਣ ਮੋਦੀ ਦੇ ਤੌਖਲੇ ਨੂੰ ਸਾਫ ਦਰਸਾਉਂਦਾ ਹੈ ਕਿ ਭਾਜਪਾ-ਆਰ ਐੱਸ ਐੱਸ 2024 ਦੀਆਂ ਆਮ ਚੋਣਾਂ ਵਿੱਚ ਸੱਤਾ ਤੋਂ ਹਟ ਰਹੀਆਂ ਹਨ।
ਸੀਨੀਅਰ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਆਰ ਐੱਸ ਐੱਸ ਅਤੇ ਭਾਜਪਾ ਖਿਲਾਫ ਬਣਾਏ ਗਏ ਮੋਰਚੇ ਬਾਰੇ ਕਿਹਾ ਕਿ ਜਦੋਂ ਦਾ ਇਨ੍ਹਾਂ ਪਾਰਟੀਆਂ ਦਾ ਮੋਰਚਾ ਬਣਿਆ ਹੈ, ਮੋਦੀ ਸਰਕਾਰ ਹੋਰ ਵੀ ਹੋਛੀਆਂ ਗੱਲਾਂ ’ਤੇ ਆ ਗਈ ਹੈ। ਉਨ੍ਹਾ ਪੰਜਾਬ ਵਿੱਚ ਫੈਲੇ ਹੋਏ ਨਸ਼ਿਆਂ ਲਈ ਸਰਕਾਰ, ਪੁਲਸ, ਅਫਸਰਸਾਹੀ ਤੇ ਮਾਫੀਆ ਦੇ ਗਠਜੋੜ ਨੂੰ ਦੋਸ਼ੀ ਠਹਿਰਾਇਆ। ਉਹਨਾ ਕਿਹਾ ਕਿ ਅੱਜ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਖਿਲਾਫ ਜ਼ੋਰਦਾਰ ਸੰਘਰਸ਼ ਕਰਨਾ ਪਏਗਾ।
ਇਸ ਮੌਕੇ ਡੀ ਪੀ ਮੌੜ, ਗੁਲਜ਼ਾਰ ਗੋਰੀਆ, ਡਾਕਟਰ ਅਰੁਣ ਮਿਤਰਾ, ਐੱਮ ਐੱਸ ਭਾਟੀਆ, ਚਮਕੌਰ ਸਿੰਘ, ਰਜਿੰਦਰਪਾਲ ਸਿੰਘ ਔਲਖ, ਵਿਜੇ ਕੁਮਾਰ, ਚਰਨ ਸਿੰਘ ਸਰਾਭਾ, ਜਸਵੀਰ ਝੱਜ, ਰਣਜੀਤ ਸਿੰਘ ਤੇ ਗੁਰਮੇਲ ਸਿੰਘ ਮੈਲਡੇ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਨੂੰ ਚਲਾਉਣ ਲਈ ਪ੍ਰਧਾਨਗੀ ਮੰਡਲ ਵਿੱਚ ਐਡਵੋਕੇੇਟ ਪਰਮਜੀਤ ਸਿੰਘ, ਪਿ੍ਰੰਸੀਪਲ ਜਗਜੀਤ ਸਿੰਘ, ਜਗਦੀਸ਼ ਰਾਏ ਬੌਬੀ ਅਤੇ ਕਰਮਜੀਤ ਕੌਰ ਸ਼ਾਮਲ ਸਨ।

LEAVE A REPLY

Please enter your comment!
Please enter your name here