ਲਾਲ ਕਿਲ੍ਹੇ ਤੋਂ ਚੋਣ ਤਕਰੀਰ

0
268

ਅੱਧਾ ਸੱਚ-ਸਫੈਦ ਝੂਠ, ਦੂਜਿਆਂ ਨੂੰ ਭੰਡਣਾ, ਨਵੇਂ-ਨਵੇਂ ਸ਼ਗੂਫੇ, ਧਾਰਮਕ ਤੇ ਫਿਰਕੂ ਪ੍ਰਤੀਕਾਂ ਦੀ ਵਰਤੋਂ ਅਤੇ ਆਤਮ-ਪ੍ਰਸੰਸਾ। ਇਹ ਪੰਜ ਪ੍ਰਮੁੱਖ ਤੱਤ ਹੁੰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਭਾਸ਼ਣ ਦੇ। ਇਸੇ ਤਰ੍ਹਾਂ ਦਾ ਭਾਸ਼ਣ ਉਨ੍ਹਾ 15 ਅਗਸਤ ਨੂੰ ਲਾਲ ਕਿਲੇ੍ਹ ਦੀ ਫਸੀਲ ਤੋਂ ਦਿੱਤਾ। ‘ਦੇਸ਼ ਵਾਸੀਆਂ’ ਦੀ ਥਾਂ ‘140 ਕਰੋੜ’ ਫੈਮਿਲੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੇ ਪਿਛਲੇ ਸਾਢੇ 9 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਨ ਦੇ ਨਾਲ ਹੀ ਕਿਹਾਅਗਲੇ ਸਾਲ 15 ਅਗਸਤ ਨੂੰ ਵੀ ਮੈਂ ਹੀ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਆਵਾਂਗਾ ਤੇ ਜਿਨ੍ਹਾਂ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ, 2024 ਦੇ ਬਾਅਦ ਉਨ੍ਹਾਂ ਦੇ ਉਦਘਾਟਨ ਵੀ ਅਸੀਂ ਹੀ ਕਰਾਂਗੇ।
ਪਰਵਾਰਵਾਦ ਮੋਦੀ ਦਾ ਸਭ ਤੋਂ ਪਸੰਦੀਦਾ ਮੁੱਦਾ ਹੈ। ਇਸ ਦਾ ਉਨ੍ਹਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਪਰਵਾਰਵਾਦੀ ਸਿਆਸਤ ਦੇਸ਼ ਨੂੰ ਖੋਖਲਾ ਕਰ ਰਹੀ ਹੈ ਤੇ ਪਰਵਾਰਵਾਦੀ ਸਿਆਸਤ ਕਰਨ ਵਾਲੇ ਹੀ ਭਿ੍ਰਸ਼ਟਾਚਾਰ ਤੇ ਤੁਸ਼ਟੀਕਰਨ ਨੂੰ ਬੜ੍ਹਾਵਾ ਦੇ ਰਹੇ ਹਨ, ਜਿਸ ਨਾਲ ਸਮਾਜੀ ਨਿਆਂ ਦੀ ਲੜਾਈ ਕਮਜ਼ੋਰ ਪੈ ਰਹੀ ਹੈ। ਆਰ ਐੱਸ ਐੱਸ ਤੋਂ ਮਿਲੀ ਸਿੱਖਿਆ ਮੁਤਾਬਕ ਮੋਦੀ ਮੁਸਲਮ ਹੁਕਮਰਾਨਾਂ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ। ਐਤਵੀਂ ਵੀ ਗੁਲਾਮੀ ਦੇ ਕਾਲਖੰਡ ਦਾ ਜ਼ਿਕਰ ਕਰਦਿਆਂ ਮੁਸਲਮ ਹੁਕਮਰਾਨਾਂ ਦਾ ਜ਼ਿਕਰ ਕੀਤਾ, 200 ਸਾਲ ਦੀ ਬਿ੍ਰਟਿਸ਼ ਹਕੂਮਤ ਦਾ ਨਹੀਂ। ਆਪਣੇ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਕੰਮਾਂ ਨੂੰ ਨਕਾਰਦਿਆਂ ਕਿਹਾ ਕਿ 2014 ਵਿਚ ਉਨ੍ਹਾ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਤਿੰਨ ਦਹਾਕੇ ਤੱਕ ਰਹੀਆਂ ਕੁਲੀਸ਼ਨ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ। ਆਪਣੀ ਪਿੱਠ ਥਪਥਪਾਉਦਿਆਂ ਕਿਹਾ ਕਿ 2014 ਵਿਚ ਦੇਸ਼ ਨੂੰ ਪਹਿਲੀ ਵਾਰ ਪੂਰਨ ਬਹੁਮਤ ਵਾਲੀ ਤੇ ਮਜ਼ਬੂਤ ਸਰਕਾਰ ਮਿਲੀ, ਜਿਸ ਨੇ ਦੇਸ਼ ਨੂੰ ਦਲਦਲ ਵਿੱਚੋਂ ਕੱਢ ਕੇ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਾਇਆ। ਵਲਵਲੇਵਾਂ ਪਾ ਕੇ ਦੇਸ਼ ਵਾਸੀਆਂ ਤੋਂ 2024 ਵਿਚ ਵੀ ਜਿਤਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਮੰਨ ਕੇ ਚੱਲੋ ਕੇ ਉਹ ਜੋ ਕਦਮ ਚੁੱਕਣਗੇ, ਉਹ ਭਾਰਤ ਲਈ ਇਕ ਹਜ਼ਾਰ ਸਾਲ ਤੱਕ ਦੀ ਦਿਸ਼ਾ ਨਿਰਧਾਰਤ ਕਰਨ ਵਾਲੇ ਹੋਣਗੇ। ਇਸ ਤੋਂ ਪਹਿਲਾਂ ਮੋਦੀ 25-30 ਸਾਲ ਦੀ ਗੱਲ ਕਰਦੇ ਰਹੇ ਹਨ, ਪਰ ਇਸ ਵਾਰ ਲੰਮੀ ਛਾਲ ਮਾਰਦਿਆਂ ਸਿੱਧੇ ਇਕ ਹਜ਼ਾਰ ਸਾਲ ਦੀ ਗੱਲ ਕਹਿ ਦਿੱਤੀ। ਮੋਦੀ ਆਪਣੀ ਪਿੱਠ ਜਿੰਨੀ ਮਰਜ਼ੀ ਥਪਥਪਾਉਣ, ਅਸਲ ਵਿਚ ਭਾਰਤ ਦੀ ਅਰਥ ਵਿਵਸਥਾ ਨੂੰ ਰਫਤਾਰ ਦੇਣ ਦਾ ਕੰਮ 2004 ਤੋਂ 2014 ਤੱਕ ਹੋਇਆ। ਜਦੋਂ 2004 ਵਿਚ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਹਟੀ, ਉਦੋਂ ਭਾਰਤ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) 722 ਅਰਬ ਡਾਲਰ ਸੀ ਤੇ 2014 ਵਿਚ ਵਧ ਕੇ 2039 ਅਰਬ ਡਾਲਰ ਹੋ ਗਈ, ਯਾਨੀ 10 ਸਾਲ ਵਿਚ ਤਿੰਨ ਗੁਣਾ ਵਧੀ। ਇਸ ਦੇ ਬਾਅਦ 2014-15 ਤੋਂ 2023 ਤੱਕ ਮੋਦੀ ਰਾਜ ਵਿਚ ਇਹ 3737 ਅਰਬ ਡਾਲਰ ਤੱਕ ਪੁੱਜੀ। ਇਹ ਵਾਧਾ 84 ਫੀਸਦੀ ਦਾ ਰਿਹਾ, ਜਦਕਿ ਮਨਮੋਹਨ ਸਿੰਘ ਦੇ ਸਮੇਂ 183 ਫੀਸਦੀ ਦਾ ਵਾਧਾ ਹੋਇਆ ਸੀ। ਮੋਦੀ ਭਾਵੇਂ ਦੇਸ਼ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਅਰਥ ਵਿਵਸਥਾ ਬਣਾਉਣ ਦੇ ਦਾਅਵੇ ਕਰ ਰਹੇ ਹਨ, ਪਰ ਦੇਸ਼ ਦੀ ਅਸਲੀ ਆਰਥਕ ਤਸਵੀਰ ਪ੍ਰਤੀ ਵਿਅਕਤੀ ਆਮਦਨ ਤੋਂ ਪਤਾ ਲੱਗਦੀ ਹੈ, ਜਿਸ ਵਿਚ ਭਾਰਤ ਸਿਖਰਲੇ 10 ਦੇਸ਼ਾਂ ਵਿਚ ਵੀ ਨਹੀਂ ਆਉਦਾ, ਪਰ ਮੋਦੀ ਇਸ ਦੀ ਕਦੇ ਚਰਚਾ ਨਹੀਂ ਕਰਦੇ।
ਮੋਦੀ ਨੇ ਆਪਣੇ ਭਾਸ਼ਣ ਵਿਚ 2022 ਤੱਕ ਹਰ ਵਿਅਕਤੀ ਨੂੰ ਘਰ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦਿਆਂ ਦਾ ਜ਼ਿਕਰ ਨਹੀਂ ਕੀਤਾ। ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਤੇ ਬੇਰੁਜ਼ਗਾਰੀ ਦਾ ਵੀ ਜ਼ਿਕਰ ਨਹੀਂ ਕੀਤਾ। ਵਧ ਰਹੀ ਮਹਿੰਗਾਈ ਨੂੰ ਦੁਨੀਆ ਵਿਚ ਵਾਪਰ ਰਹੀਆਂ ਘਟਨਾਵਾਂ ਨਾਲ ਜੋੜ ਦਿੱਤਾ ਤੇ ਆਪਣਾ ਦਾਮਨ ਬਚਾਉਣ ਦੀ ਕੋਸ਼ਿਸ਼ ’ਚ ਦਾਅਵਾ ਕੀਤਾ ਕਿ ਜੇ ਉਨ੍ਹਾ ਦੀ ਸਰਕਾਰ ਨੇ ਮਹਿੰਗਾਈ ’ਤੇ ਕੰਟਰੋਲ ਕਰਨ ਦੇ ਉਪਾਅ ਨਾ ਕੀਤੇ ਹੁੰਦੇ ਤਾਂ ਹਾਲਾਤ ਹੋਰ ਜ਼ਿਆਦਾ ਗੰਭੀਰ ਹੋ ਜਾਣੇ ਸਨ। ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਦਾ ਭਾਸ਼ਣ ਚੋਣ ਰੈਲੀ ਵਰਗਾ ਸੀ, ਜਿਸ ਵਿਚ ਉਨ੍ਹਾ ਆਪਣੇ ਸਮਰਥਕ ਵਰਗ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here