ਲਖਨਊ : ਯੂ ਪੀ ਕਾਂਗਰਸ ਦਾ ਨਵਾਂ ਪ੍ਰਧਾਨ ਐਲਾਨੇ ਜਾਣ ਦੇ ਇਕ ਦਿਨ ਬਾਅਦ ਅਜੈ ਰਾਇ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਅਗਲੀ ਲੋਕ ਸਭਾ ਚੋਣ ਅਮੇਠੀ ਤੋਂ ਯਕੀਨਨ ਲੜਨਗੇ | ਪਿ੍ਅੰਕਾ ਗਾਂਧੀ ਜਿੱਥੋਂ ਚਾਹੇਗੀ, ਲੜੇਗੀ | ਜੇ ਉਹ ਵਾਰਾਨਸੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਖੜ੍ਹੀ ਹੋਣਾ ਚਾਹੇਗੀ ਤਾਂ ਉਸ ਨੂੰ ਜਿਤਾਉਣ ਲਈ ਪਾਰਟੀ ਦਾ ਹਰ ਵਰਕਰ ਪੂਰਾ ਜ਼ੋਰ ਲਾ ਦੇਵੇਗਾ |
2019 ਦੀਆਂ ਚੋਣਾਂ ਵਿਚ ਪਿ੍ਅੰਕਾ ਦੇ ਵਾਰਾਨਸੀ ਤੋਂ ਲੜਨ ਦੀਆਂ ਕਿਆਸਅਰਾਈਆਂ ਸਨ ਪਰ ਪਾਰਟੀ ਨੇ ਆਖਰੀ ਛਿਣਾਂ ‘ਚ ਅਜੈ ਰਾਇ ਨੂੰ ਮੈਦਾਨ ‘ਚ ਉਤਾਰ ਦਿੱਤਾ ਸੀ | ਅਜੈ ਰਾਇ 2014 ਵਿਚ ਵੀ ਮੋਦੀ ਦੇ ਖਿਲਾਫ ਲੜੇ ਸਨ | ਅਜੈ ਰਾਇ ਤੋਂ ਪਹਿਲਾਂ ਪਿ੍ਅੰਕਾ ਦੇ ਪਤੀ ਰਾਬਰਟ ਵਾਡਰਾ ਨੇ ਪਿ੍ਅੰਕਾ ਦੇ ਚੋਣ ਸਿਆਸਤ ਵਿਚ ਕੁੱਦਣ ਦਾ ਇਸ਼ਾਰਾ ਕੀਤਾ ਸੀ, ਜਦੋਂ ਉਨ੍ਹਾ ਕਿਹਾ ਸੀ—ਪਿ੍ਅੰਕਾ ਨੂੰ ਲੋਕ ਸਭਾ ਵਿਚ ਜ਼ਰੂਰ ਹੋਣਾ ਚਾਹੀਦਾ ਹੈ | ਉਸ ਵਿਚ ਸਾਰੇ ਗੁਣ ਹਨ | ਉਹ ਬਹੁਤ ਚੰਗੀ ਪਾਰਲੀਮੈਂਟੇਰੀਅਨ ਸਾਬਤ ਹੋਵੇਗੀ ਤੇ ਉਹ ਲੋਕ ਸਭਾ ਵਿਚ ਬੈਠਣ ਦੀ ਹੱਕਦਾਰ ਹੈ | ਮੈਂ ਉਮੀਦ ਕਰਦਾ ਹਾਂ ਕਿ ਪਾਰਟੀ ਇਸ ਬਾਰੇ ਸੋਚੇਗੀ | ਰਾਹੁਲ ਗਾਂਧੀ ਨੇ 2019 ਵਿਚ ਅਮੇਠੀ ਤੇ ਕੇਰਲਾ ਦੇ ਵਾਇਨਾਡ ਤੋਂ ਚੋਣ ਲੜੀ ਸੀ | ਅਮੇਠੀ ਤੋਂ ਉਹ ਸਿਮਰਤੀ ਈਰਾਨੀ ਹੱਥੋਂ ਹਾਰ ਗਏ ਸਨ ਪਰ ਵਾਇਨਾਡ ਤੋਂ ਜੇਤੂ ਰਹੇ ਸਨ |





