ਹੱਕ ਹਾਸਲ ਕਰਨ ਲਈ ਨਰੇਗਾ ਕਾਮਿਆਂ ਨੂੰ ਜਥੇਬੰਦੀ ਮਜ਼ਬੂਤ ਕਰਨੀ ਜ਼ਰੂਰੀ : ਜਗਰੂਪ

0
311

ਮੁਕਤਸਰ (ਸ਼ਮਿੰਦਰਪਾਲ, ਪੂਜਾ)-ਕੇਂਦਰ ਦੀ ਮੋਦੀ ਹਕੂਮਤ ਦਾ ਸੂਫੜਾ ਸਾਫ ਕਰਨ ਲਈ ਦੇਸ਼ ਦੇ ਨਰੇਗਾ ਕਾਮਿਆਂ ਨੂੰ ਆਪਣੀ ਜਥੇਬੰਦੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਜੋ ਦੇਸ਼ ਪੱਧਰੀ ਜਥੇਬੰਦੀ ਨਰੇਗਾ ਵਰਕਰਜ਼ ਫੈਡਰੇਸ਼ਨ ਨਾਲ ਸੰਬੰਧਤ ਹੈ, ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਨਾ ਹੋਵੇਗਾ, ਤਾਂ ਹੀ ਦੇਸ਼ ਵਿੱਚ ਨਰੇਗਾ ਹੱਕ ਪ੍ਰਾਪਤ ਹੋ ਸਕੇਗਾ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਏਟਕ ਦੇ ਸੂਬਾ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਮੁਕਤਸਰ ਸਾਹਿਬ ਦੇ ਬੱਸ ਅੱਡੇ ਵਿੱਚ ਆਯੋਜਿਤ ਕਿਰਤੀਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ | ਕਾਮਰੇਡ ਜਗਰੂਪ ਨੇ ਕਿਹਾ ਕਿ ਖੇਤੀਬਾੜੀ ‘ਚ ਵਧ ਰਹੇ ਮਸ਼ੀਨੀਕਰਨ ਨੇ ਪੇਂਡੂ ਕਾਮਿਆਂ ਨੂੰ ਵਿਹਲੇ ਕਰ ਦਿੱਤਾ ਸੀ, ਜਿਸ ਕਰਕੇ 2005 ਦੀ ਯੂ ਪੀ ਏ 1 ਸਰਕਾਰ ਨੇ ਪੇਂਡੂ ਕਿਰਤੀਆਂ ਦੀ ਬਿਹਤਰੀ ਲਈ ਨਰੇਗਾ ਹੋਂਦ ਵਿੱਚ ਲਿਆਂਦਾ | ਜੇਕਰ ਇਹ ਕਾਨੂੰਨ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਪੇਂਡੂ ਕਿਰਤੀਆਂ ਲਈ ਬਹੁਤ ਵੱਡਾ ਸਹਾਰਾ ਬਣ ਸਕਦਾ ਹੈ, ਪਰ ਕਿਰਤ ਵਿਰੋਧੀ ਸਰਕਾਰਾਂ ਦੀ ਨਰੇਗਾ ਵਿਰੋਧੀ ਪਹੁੰਚ ਕਾਰਨ ਨਰੇਗਾ ਮਜ਼ਦੂਰਾਂ ਨਾਲ ਬੇਇਨਸਾਫੀ ਹੋ ਰਹੀ ਹੈ | ਇਸ ਨੂੰ ਰੋਕਣ ਅਤੇ ਪੂਰਾ ਹੱਕ ਪ੍ਰਾਪਤ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨਾ ਬਹੁਤ ਜ਼ਰੂਰੀ ਹੈ | ਉਹਨਾਂ ਅੱਗੇ ਕਿਹਾ ਕਿ ਨਰੇਗਾ ਐਕਟ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਦਿਹੜੀ 398 ਰੁਪਏ ਮਿਲਣੀ ਚਾਹੀਦੀ ਹੈ, ਪਰ ਇੱਥੇ 303 ਰੁਪਏ ਦੇ ਕੇ ਇੱਕ ਸਾਲ ਦੇ 9500 ਰੁਪਏ ਮਜ਼ਦੂਰਾਂ ਦੇ ਮਾਰੇ ਜਾ ਰਹੇ ਹਨ, ਜਿਸ ਨੂੰ ਅਸੀਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ | ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਨਾ ਦੇ ਕੇ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਦਾ ਚੇਤਨ ਮਜ਼ਦੂਰ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਗੇ | ਉਹਨਾਂ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਨਰੇਗਾ ਦਿਹਾੜੀ ਰੇਟ 1000 ਰੁਪਏ ਹੋਣੀ ਚਾਹੀਦੀ ਹੈ, ਕੰਮ ਦੇ ਦਿਨਾਂ ਦੀ ਗਾਰੰਟੀ 200 ਦਿਨ ਹੋਵੇ, ਨਰੇਗਾ ਫੰਡ ਰਾਸ਼ੀ ਦੀ ਵੰਡ ਅਨੁਪਾਤ 60:40 ਦੀ ਦੁਰਵਰਤੋਂ ਰੋਕੀ ਜਾਵੇ, ਸਾਰਾ ਡਾਟਾ ਜਾਬ ਕਾਰਡ ‘ਤੇ ਦਰਜ ਹੋਵੇ, ਇਸ ਲਈ ਗਰਾਮ ਸੇਵਕ ਜ਼ਿੰਮੇਵਾਰ ਹੋਵੇ, ਜਿਨ੍ਹਾਂ ਕਾਮਿਆਂ ਦੀ ਅਦਾਇਗੀ ਪਿਛਲੇ ਸਮੇਂ ਤੋਂ ਰੁਕੀ ਹੋਈ ਹੈ, ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ, ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ | ਬੱਸ ਸਟੈਂਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਨਰੇਗਾ ਕਾਮੇ ਬਾਅਦ ਵਿੱਚ ਬੱਸ ਸਟੈਂਡ ਤੋਂ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚੇ | ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਨਾ ਹੋਣ ਕਾਰਨ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕਰਕੇ ਪ੍ਰਧਾਨ ਮੰਤਰੀ ਤੱਕ ਵਿਸ਼ਵਾਸ ਦਿਵਾਇਆ | ਲੋਕਲ ਲੈਵਲ ਦੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਦੇ ਆਗੂਆਂ ਨਾਲ ਡਿਪਟੀ ਕਮਿਸਨਰ ਦੀ ਸੋਮਵਾਰ 21/08/2023 ਨੂੰ ਮੀਟਿੰਗ ਤੈਅ ਕਰਵਾਈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਲਾਭ ਸਿੰਘ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਬੋਹੜ ਸਿੰਘ ਸੁਖਨਾ ਜ਼ਿਲ੍ਹਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਸੁਰਜੀਤ ਸਿੰਘ ਛੱਤੇਆਣਾ, ਹਰਵਿੰਦਰ ਸਿੰਘ ਲੰਬੀ, ਗੁਰਤੇਜ ਬਾਮ, ਸੁਖਵਿੰਦਰ ਮਲੋਟ, ਕਾਮਰੇਡ ਰਜਿੰਦਰ ਕੁਮਾਰ ਮਲੋਟ, ਹੀਰਾ ਸਿੰਘ ਆਦਨੀਆ, ਚੰਬਾ ਸਿੰਘ, ਬੋਹੜ ਸਿੰਘ ਖੂਨਣ ਕਲਾਂ, ਬਿੰਦਰ ਸਿੰਘ ਖੂਨਣ ਕਲਾਂ, ਸ਼ਮਸ਼ੇਰ ਸਿੰਘ ਥਾਂਦੇਵਾਲਾ, ਜਸਵਿੰਦਰ ਸਾਹਿਬ ਚੰਦ, ਮਨਜੀਤ ਬਰਕੰਦੀ, ਮੱਖਣ ਸਿੰਘ ਰੋੜਾਂਵਾਲੀ, ਗੁਰਮੇਲ ਸਿੰਘ ਛੱਤਿਆਣਾ, ਵੀਰਾਂ ਕੌਰ ਜੰਮਉਆਣ , ਮਨਦੀਪ ਕੌਰ ਵਿਰਕਾ, ਰਿੰਕੂ ਰਾਣੀ ਸੰਗੂਧੌਣ ਅਤੇ ਕੁਲਵੰਤ ਕੌਰ ਨੇ ਵੀ ਸੰਬੋਧਨ ਕੀਤਾ

LEAVE A REPLY

Please enter your comment!
Please enter your name here