ਬੇਰੁਜ਼ਗਾਰੀ ਹੀ ਵੱਡਾ ਮਸਲਾ

0
216

ਲੋਕਨੀਤੀ-ਸੀ ਐੱਸ ਡੀ ਐੱਸ ਦੇ ਤਾਜ਼ਾ ਸਰਵੇ ਵਿਚ ਇਹ ਖੁਲਾਸਾ ਹੋਇਆ ਹੈ ਕਿ ਦੇਸ਼ ਦੇ 15 ਤੋਂ 34 ਸਾਲ ਦੇ 36 ਫੀਸਦੀ ਨੌਜਵਾਨ ਬੇਰੁਜ਼ਗਾਰੀ ਨੂੰ ਸਭ ਤੋਂ ਵੱਡੀ ਸਮੱਸਿਆ ਮੰਨਦੇ ਹਨ ਜਦਕਿ 16 ਫੀਸਦੀ ਗਰੀਬੀ ਤੇ 13 ਫੀਸਦੀ ਮਹਿੰਗਾਈ ਨੂੰ | ਇਸ ਮਹੀਨੇ ਦੇ ਸ਼ੁਰੂਆਤ ਵਿਚ ਜਾਰੀ ਸਰਵੇ ਮੁਤਾਬਕ 6 ਫੀਸਦੀ ਨੌਜਵਾਨਾਂ ਨੇ ਭਿ੍ਸ਼ਟਾਚਾਰ ਨੂੰ ਦੇਸ਼ ਅੱਗੇ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਦਕਿ 4 ਫੀਸਦੀ ਨੇ ਸਿੱਖਿਆ ਤੇ ਵਧਦੀ ਅਬਾਦੀ ਨੂੰ ਚੁਣੌਤੀ ਦੱਸਿਆ | ਇਸੇ ਜਥੇਬੰਦੀ ਵੱਲੋਂ 2016 ਵਿਚ ਵੀ ਅਜਿਹਾ ਸਰਵੇ ਕੀਤਾ ਗਿਆ ਸੀ | ਉਦੋਂ ਤੋਂ ਹੁਣ ਤੱਕ ਬੇਰੁਜ਼ਗਾਰੀ ਨੂੰ ਸਭ ਤੋਂ ਵੱਡੀ ਸਮੱਸਿਆ ਮੰਨਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ 18 ਫੀਸਦੀ ਤੇ ਮਹਿੰਗਾਈ ਨੂੰ ਸਭ ਤੋਂ ਵੱਡੀ ਸਮੱਸਿਆ ਮੰਨਣ ਵਾਲੇ ਨੌਜਵਾਨਾਂ ਦੀ ਗਿਣਤੀ ‘ਚ 7 ਫੀਸਦੀ ਦਾ ਵਾਧਾ ਹੋਇਆ ਹੈ | ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰ ਦੀ ਕਹਾਣੀ ਹੈ, ਜਿਹੜੇ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਕਤਾ ਬਣਾਉਣ ਦੇ ਆਏ ਦਿਨ ਦਮਗਜੇ ਮਾਰਦੇ ਹਨ | ਤਾਜ਼ਾ ਸਰਵੇ 18 ਰਾਜਾਂ ਦੇ 9316 ਨੌਜਵਾਨਾਂ ਵਿਚ ਕੀਤਾ ਗਿਆ ਤੇ ਇਹ ਸਾਰੇ ਮੱਧਮ ਵਰਗ ਦੇ ਸਨ | 40 ਫੀਸਦੀ ਗ੍ਰੈਜੂਏਟ ਜਾਂ ਇਸ ਤੋਂ ਵੱਧ ਪੜ੍ਹੇ ਸਨ ਤੇ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮਸਲਾ ਦੱਸਿਆ | ਅਨਪੜ੍ਹ ਵਰਗ ਦੇ ਨੌਜਵਾਨਾਂ ਵਿੱਚੋਂ 27 ਫੀਸਦੀ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮਸਲਾ ਦੱਸਿਆ | ਸਰਵੇ ਦੇ ਓਵਰਆਲ ਸਰਵੇ ਦੇ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ 42 ਫੀਸਦੀ ਮਰਦ ਤੇ 31 ਫੀਸਦੀ ਮਹਿਲਾਵਾਂ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮਸਲਾ ਦੱਸਿਆ | ਘੱਟ ਆਮਦਨ ਵਾਲੇ ਵਰਗ ਦੇ ਨੌਜਵਾਨਾਂ ਲਈ ਗਰੀਬੀ ਤੇ ਵਧਦੀ ਮਹਿੰਗਾਈ ਸਭ ਤੋਂ ਵੱਡੀ ਸਮੱਸਿਆ ਹੈ | ਸਰਵੇ ਵਿਚ ਸ਼ਾਮਲ ਹਰ ਵਰਗ ਦੀਆਂ ਮਹਿਲਾਵਾਂ ਨੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਤੇ ਗਰੀਬੀ ਨੂੰ ਲੈ ਕੇ ਚਿੰਤਾ ਜਤਾਈ | ਸਰਵੇ ਵਿਚ ਸ਼ਾਮਲ ਨੌਜਵਾਨਾਂ ਤੋਂ ਉਨ੍ਹਾਂ ਦੀ ਨੌਕਰੀ ਦੀ ਪਸੰਦ ਬਾਰੇ ਪੁੱਛਣ ‘ਤੇ 5 ਵਿੱਚੋਂ 3 ਨੇ ਸਰਕਾਰੀ ਨੌਕਰੀ ਨੂੰ ਤਰਜੀਹ ਦਿੱਤੀ ਜਦਕਿ 4 ਵਿੱਚੋਂ ਇਕ ਨੇ ਖੁਦ ਦੇ ਰੁਜ਼ਗਾਰ ਨੂੰ |
ਆਰਥਕ ਉਦਾਰੀਕਰਨ ਦਾ ਦੌਰ ਸ਼ੁਰੂ ਹੋਣ ਦੇ ਬਾਅਦ ਭਾਰਤ ਦਾ ਸਰਵਜਨਕ ਖੇਤਰ ਲਗਾਤਾਰ ਸਿਮਟ ਰਿਹਾ ਹੈ | ਰੁਜ਼ਗਾਰ ਪੈਦਾ ਕਰਨ ਦਾ ਦਾਰੋਮਦਾਰ ਨਿੱਜੀ ਖੇਤਰ ‘ਤੇ ਹੈ | ਨਿੱਜੀ ਖੇਤਰ ਮੁਨਾਫੇ ਲਈ ਕੰਮ ਕਰਦਾ ਹੈ | ਉਹ ਨਿਵੇਸ਼ ਉਦੋਂ ਕਰਦਾ ਹੈ ਜਦੋਂ ਮੁਨਾਫੇ ਦੇ ਨਾਲ ਲਾਗਤ ਦੀ ਵਾਪਸੀ ਦਾ ਭਰੋਸਾ ਹੋਵੇ | ਮੁਨਾਫਾ ਉਦੋਂ ਹੋਵੇਗਾ ਜਦੋਂ ਬਜ਼ਾਰ ਵਿਚ ਮੰਗ ਹੋਵੇਗੀ | ਮੰਗ ਉਦੋਂ ਹੋਵੇਗੀ ਜਦੋਂ ਲੋਕਾਂ ਦੀ ਜੇਬ ਵਿਚ ਪੈਸੇ ਹੋਣਗੇ | ਨੋਟਬੰਦੀ ਤੇ ਜੀ ਐੱਸ ਟੀ ਦੇ ਬਾਅਦ ਬਜ਼ਾਰ ਸੰਭਲ ਨਹੀਂ ਸਕਿਆ | ਕੋਰੋਨਾ ਨੇ ਵੀ ਬਹੁਤ ਸੱਟ ਮਾਰੀ ਹੈ | ਅਨੇਕਾਂ ਛੋਟੇ ਤੇ ਦਰਮਿਆਨੇ ਕਾਰਖਾਨਿਆਂ ਨੂੰ ਤਾਲੇ ਲਗ ਚੁੱਕੇ ਹਨ | ਇਸ ਨੇ ਬੇਰੁਜ਼ਗਾਰਾਂ ਦੀ ਫੌਜ ਵਿਚ ਵਾਧਾ ਕਰ ਦਿੱਤਾ ਹੈ |

LEAVE A REPLY

Please enter your comment!
Please enter your name here