ਰਾਂਚੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਦੂਜਾ ਸੰਮਨ ਭੇਜਿਆ ਹੈ। ਈ ਡੀ ਨੇ ਸੋਰੇਨ ਨੂੰ 24 ਅਗਸਤ ਨੂੰ ਰਾਂਚੀ ਜ਼ੋਨਲ ਦਫ਼ਤਰ ’ਚ ਪੁੱਛਗਿੱਛ ਲਈ ਪੇਸ਼ ਹੋਣ ਨੂੰ ਕਿਹਾ ਹੈ। ਈ ਡੀ ਦੇ ਅਧਿਕਾਰੀ ਮੁੱਖ ਮੰਤਰੀ ਸੋਰੇਨ ਤੋਂ ਉਨ੍ਹਾ ਦੀਆਂ ਅਤੇ ਪਰਵਾਰ ਦੀਆਂ ਜਾਇਦਾਦਾਂ ਬਾਰੇ ਵੀ ਪੁੱਛਗਿੱਛ ਕਰਨਗੇ।
ਇਸ ਤੋਂ ਪਹਿਲਾਂ ਅੱਠ ਅਗਸਤ ਈ ਡੀ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੰਮਨ ਭੇਜ ਕੇ 14 ਅਗਸਤ ਨੂੰ ਸੱਦਿਆ ਸੀ, ਪਰ ਉਹ ਈ ਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਉਨ੍ਹਾ ਈ ਡੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸੰਮਨ ਵਾਪਸ ਲਓ, ਮੈਂ ਕਾਨੂੰਨੀ ਸਲਾਹ ਲੈ ਰਿਹਾ ਹਾਂ। ਉਥੇ ਹੀ ਪਿਛਲੇ ਸਾਲ ਤਿੰਨ ਨਵੰਬਰ ਨੂੰ ਗੈਰ-ਕਾਨੂੰਨੀ ਖਨਨ ਮਾਮਲੇ ’ਚ ਵੀ ਮੁੱਖ ਮੰਤਰੀ ਨੂੰ ਕੇਂਦਰੀ ਏਜੰਸੀ ਨੇ ਸੰਮਨ ਭੇਜ ਕੇ ਬੁਲਾਇਆ ਸੀ।


