ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਇਸ ਸਮੇਂ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀਆਂ ਵੱਲੋਂ ਮੌਕੇ ’ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਮੌਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ, ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਨੇ ਟਵੀਟ ਰਾਹੀਂ ਦਿੱਤੀ। ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ ਕਿ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ ਹੜ੍ਹਾਂ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ। 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ ’ਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ’ਚ ਲੱਗ ਗਿਆ। ਗੁਰੂ ਸਾਹਿਬ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਰਾਹਤ ਕਾਰਜਾਂ ਦੌਰਾਨ ਮੇਰੇ ਪੈਰ ’ਤੇ ਜ਼ਹਿਰੀਲਾ ਸੱਪ ਲੜ ਗਿਆ ਸੀ। ਇਲਾਜ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ’ਚ ਜੁਟ ਗਿਆ। ਜ਼ਹਿਰ ਕਾਰਨ ਆਈ ਸੋਜ਼ ਘਟ ਰਹੀ ਹੈ। ਸਾਰੇ ਡਾਕਟਰੀ ਟੈਸਟ ਵੀ ਹੁਣ ਨਾਰਮਲ ਆਏ ਹਨ।





