ਰਾਏਪੁਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਛੱਤੀਸਗੜ੍ਹ ਪਹੁੰਚੇ ਅਤੇ ਇੱਕ ਟਾਊਨ ਹਾਲ ਮੀਟਿੰਗ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾ ਛੱਤੀਸਗੜ੍ਹ ਦੇ ਲੋਕਾਂ ਲਈ ‘ਗਾਰੰਟੀ ਕਾਰਡ’ ਜਾਰੀ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਭਾਰਤੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਜਿੱਥੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀਆਂ ਸਨ, ਉੱਥੇ ਚੋਣ ਮਨੋਰਥ ਪੱਤਰ ਜਾਰੀ ਕਰਦੀਆਂ ਸਨ। ਇਹ ਮੈਨੀਫੈਸਟੋ ਝੂਠ ਨਾਲ ਭਰੇ ਹੋਏ ਹਨ, ਪਰ ਕੇਜਰੀਵਾਲ ਗਾਰੰਟੀ ਦਿੰਦੇ ਹਨ, ਇਸ ਲਈ ਇਹ ‘ਗਾਰੰਟੀ ਕਾਰਡ’ ਹਨ, ਜਿਸ ’ਚ ਕੇਜਰੀਵਾਲ ਦੀਆਂ 10 ਗਾਰੰਟੀਆਂ ਹਨ। ਉਨ੍ਹਾ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ’ਚ ਪਹਿਲਾਂ ਹੀ ਇਨ੍ਹਾਂ ਗਾਰੰਟੀਆਂ ਨੂੰ ਪੂਰਾ ਕਰ ਚੁੱਕੇ ਹਾਂ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਸਿਰਫ ਇੱਕ ਸਾਲ ਪੰਜ ਮਹੀਨੇ ਪਹਿਲਾਂ ਬਣੀ ਸੀ, ਪਰ ਅਸੀਂ ਉੱਥੇ ਸਾਰੀਆਂ ਵੱਡੀਆਂ ਚੋਣ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਮਾਨ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ। ਅਸੀਂ ‘ਜੁਮਲੇ’ ਨੂੰ ਨਹੀਂ ਦੱਸਦੇ ਕਿਸੇ ਹੋਰ ਕੋਲ ‘ਜੁਮਲੇ’ ਦੀ ਫੈਕਟਰੀ ਹੈ, ਜਿੱਥੇ ਉਹ ਜੁਮਲੇ ਬਣਾਉਂਦੇ ਹਨ, ਜਿਵੇਂ ਕਿ ਬੈਂਕ ਖਾਤਿਆਂ ’ਚ 15 ਲੱਖ ਅਤੇ 2 ਕਰੋੜ ਨੌਕਰੀਆਂ। ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ 31,910 ਸਰਕਾਰੀ ਨੌਕਰੀਆਂ ਅਤੇ ਲੱਖਾਂ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਾਂਗ ਛੱਤੀਸਗੜ੍ਹ ਨੂੰ ਵੀ ‘ਆਪ’ ਸਰਕਾਰ ਭਿ੍ਰਸ਼ਟਾਚਾਰ ਮੁਕਤ ਕਰੇਗੀ।
ਉਨ੍ਹਾ ਆਪਣੇ ਅੰਦਾਜ਼ ’ਚ ਮੋਦੀ ਨੂੰ ਘੇਰਿਆ ਅਤੇ ਕਿਹਾ :
‘15 ਲਾਖ ਲਿਖਤੇ ਸਿਆਹੀ ਸੂਖ ਜਾਤੀ ਹੈ
ਕਾਲੇ ਧਨ ਕੀ ਬਾਤ ਕਰਤਾ ਹੂੰ ਤੋ ਕਲਮ ਰੁਕ ਜਾਤੀ ਹੈ
ਹਰ ਬਾਤ ਹੀ ਜੁਮਲਾ ਨਿਕਲੀ
ਅਬ ਤੋ ਯੇ ਭੀ ਸ਼ੱਕ ਹੈ
ਕੀ ਚਾਏ ਬਨਾਨੀ ਆਤੀ ਹੈ।’
ਮਾਨ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸੂਬੇ ਵਿੱਚ ਇਮਾਨਦਾਰ ਸਰਕਾਰ ਚੁਣਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 76 ਸਾਲਾਂ ਬਾਅਦ ਵੀ ਆਮ ਆਦਮੀ ਪਾਰਟੀ ਸਿਰਫ ਸਕੂਲਾਂ, ਹਸਪਤਾਲਾਂ, ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੀ ਹੈ। ਉਨ੍ਹਾ ਕਿਹਾ ਕਿ ‘ਆਪ’ ਸਰਕਾਰ ਕੰਮ ਕਰਦੀ ਹੈ ਅਤੇ ਆਪਣੀ ਗਾਰੰਟੀ ਪੂਰੀ ਕਰਦੀ ਹੈ, ਜਿਸ ਕਾਰਨ ਸਾਨੂੰ ਦਿੱਲੀ ਅਤੇ ਪੰਜਾਬ ਵਿੱਚ ਭਾਰੀ ਬਹੁਮਤ ਮਿਲਿਆ ਹੈ। ਕੇਜਰੀਵਾਲ ਨੇ ਕਿਹਾਦਿੱਲੀ ਦੀ ਤਰ੍ਹਾਂ ‘ਆਪ’ ਸਰਕਾਰ ਛੱਤੀਸਗੜ੍ਹ ਦੇ ਹਰੇਕ ਨਾਗਰਿਕ ਨੂੰ ਮੁਫਤ ਅਤੇ ਬਿਹਤਰ ਸਿਹਤ ਇਲਾਜ ਪ੍ਰਦਾਨ ਕਰੇਗੀ। ਹਰ ਪਿੰਡ ਅਤੇ ਸ਼ਹਿਰਾਂ ’ਚ ਮੁਹੱਲਾ ਕਲੀਨਿਕ, ਬੇਰੁਜ਼ਗਾਰਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਅਤੇ ਭੱਤਾ, ਸੀਨੀਅਰ ਨਾਗਰਿਕਾਂ ਲਈ ਮੁਫਤ ਤੀਰਥ ਯਾਤਰਾ ਅਤੇ ਛੱਤੀਸਗੜ੍ਹ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਏਗੀ।



