ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ’ਚ ਪਏ ਭਾਰੀ ਮੀਂਹ ਨੇ ਪੰਜਾਬ ’ਚ ਵੱਡੀ ਤਬਾਹੀ ਮਚਾਈ ਹੈ। ਨੱਕੋ-ਨੱਕ ਭਰੇ ਭਾਖੜਾ ਤੇ ਪੌਂਗ ਡੈਮ ’ਚੋਂ ਪਾਣੀ ਛੱਡਣ ਕਾਰਨ ਸਤਲੁਜ, ਬਿਆਸ ਸਮੇਤ ਸਾਰੀਆਂ ਨਦੀਆਂ ’ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਨੂੰ ਮਜਬੂਰ ਹਨ। ਸਤਲੁਜ ਤੇ ਬਿਆਸ ਦੇ ਮਿਲਣ ਸਥਾਨ ਹਰੀਕੇ ਹੈੱਡਵਰਕਸ ’ਚ 2.62 ਲੱਖ ਕਿਊਸਿਕ ਪਾਣੀ ਆ ਚੁੱਕਾ ਹੈ ਤੇ ਇਹ ਲਗਾਤਾਰ ਵਧ ਰਿਹਾ ਹੈ, ਕਿਉਂਕਿ ਇਨ੍ਹਾਂ ਦੋਵਾਂ ਦਰਿਆਵਾਂ ’ਚ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸ਼ਨੀਵਾਰ ਹਰੀਕੇ ਬੈਰਾਜ ਤੋਂ 2,75,980 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਫਿਰੋਜ਼ਪੁਰ ਦੇ 30 ਤੋਂ 35 ਪਿੰਡ ਬੈਰਾਜ ਦੀ ਲਪੇਟ ’ਚ ਆ ਗਏ। ਇਸ ਦੌਰਾਨ ਲੋਕਾਂ ਦੀ ਨਿਕਾਸੀ ਲਈ ਫੌਜ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਲੋਕਾਂ ਕੋਲ ਖਾਣ ਲਈ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਬੀ ਐੱਸ ਐੱਫ ਦੀਆਂ ਕਿਸ਼ਤੀਆਂ ਲਗਾਤਾਰ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਉਧਰ ਮੌਸਮ ਵਿਭਾਗ ਵੱਲੋਂ ਪਠਾਨਕੋਟ ਅਤੇ ਹੁਸ਼ਿਆਪੁਰ ’ਚ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਇਸ ਦੌਰਾਨ ਮੀਂਹ ਪੈਣ ਨਾਲ ਹੋਰ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਵੱਲੋਂ ਐਤਵਾਰ ਲਈ ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਨਾਲ ਲੱਗਦੇ ਪਿੰਡ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਦੀ ਲਪੇਟ ’ਚ ਹਨ ਅਤੇ ਅਜਿਹੇ ’ਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਡੈਮ ਤੋਂ 2 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਹੈ, ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 1 ਮਹੀਨੇ ’ਚ ਦੋ ਵਾਰ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਪਾਣੀ ਨਾਲ ਬਰਬਾਦ ਹੋਈ ਕਿਸਾਨਾਂ ਦੀ ਝੋਨੇ ਦੀ ਫਸਲ ਤੀਜੀ ਵਾਰ ਵੀ ਖਰਾਬ ਹੋ ਗਈ। ਇਸੇ ਤਰ੍ਹਾਂ ਪਿੰਡ ਝਿੰਗੜ ਭੈਣੀ ਅਤੇ ਆਸ-ਪਾਸ ਦੇ ਪਿੰਡਾਂ ’ਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਫਾਜ਼ਿਲਕਾ ਹਲਕੇ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਸਰਹੱਦੀ ਖੇਤਰ ਦੇ ਦੌਰੇ ’ਤੇ ਗਏ ਹੋਏ ਹਨ, ਜਿਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਆਉਣ ਦੀ ਅਪੀਲ ਕੀਤੀ ਹੈ। ਕਸਬਾ ਹਰੀਕੇ ਪੱਤਣ ਤੋਂ ਵੱਡੀ ਮਾਤਰਾ ’ਚ ਪਾਣੀ ਛੱਡੇ ਜਾਣ ਕਾਰਨ ਦਰਿਆ ਦਾ ਪਿੰਡ ਕੁੱਤੀਵਾਲਾ ਨੇੜਿਓਂ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਭਾਰੀ ਮਾਤਰਾ ਵਿੱਚ ਪਾਣੀ ਤੇਜ਼ੀ ਨਾਲ ਕੁੱਤੀਵਾਲਾ, ਸਭਰਾਂ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਲੋਕ ਘਰਾਂ ’ਚੋਂ ਸਮਾਨ ਕੱਢ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਹੋ ਗਏ ਹਨ। ਪਹਿਲਾਂ ਹੀ ਦਰਿਆ ਦਾ ਪਾਣੀ ਉਸ ਇਲਾਕੇ ’ਚ ਤਬਾਹੀ ਮਚਾ ਰਿਹਾ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਦਰਜਨਾਂ ਪਿੰਡ ਪਾਣੀ ਦੀ ਲਪੇਟ ’ਚ ਆ ਜਾਣਗੇ। ਆਪਣੀ ਪੁੱਤਾਂ ਵਾਂਗ ਪਾਲੀ ਸਾਉਣੀ ਦੀ ਫਸਲ ਨੂੰ ਅੱਖਾਂ ਸਾਹਮਣੇ ਮਲੀਆਮੇਟ ਹੁੰਦੇ ਵੇਖ ਕਿਸਾਨਾਂ ਦੀਆਂ ਅੱਖਾਂ ’ਚ ਅੱਥਰੂ ਹਨ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਦੱਸਿਆ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਹੁਣ ਸੁਰੱਖਿਅਤ ਜ਼ੋਨ ’ਚ ਆ ਚੁੱਕਾ ਹੈ ਅਤੇ ਪਾਣੀ ਦੇ ਵਹਾਅ ਦੀ ਰਫਤਾਰ ਵੀ ਹੁਣ ਘੱਟ ਹੈ। ਜਿੰਨੇ ਵੀ ਪਿੰਡ ਪਾਣੀ ਦੇ ਮਾਰ ਹੇਠ ਆਏ ਸਨ, ਉਨ੍ਹਾਂ ਸਾਰਿਆਂ ’ਚ ਬਿਜਲੀ, ਰਾਸ਼ਨ ਅਤੇ ਪਾਣੀ ਦੀ ਸਹੂਲਤ ਪ੍ਰਭਾਵਤ ਲੋਕਾਂ ਤੱਕ ਲਗਾਤਾਰ ਪਹੁੰਚਾਈ ਗਈ ਹੈ। ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪ੍ਰਭਾਵਤ ਪਿੰਡਾਂ ’ਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਪ੍ਰਭਾਵਤ ਪਿੰਡਾਂ ’ਚ ਜਾ ਕੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਵੀ ਲਗਾਤਾਰ ਲਾਏ ਜਾ ਰਹੇ ਹਨ।





