27.5 C
Jalandhar
Friday, October 18, 2024
spot_img

62 ਲੱਖ ਦੀ ਲੁੱਟ ਦੀ ਕਹਾਣੀ ਝੂਠੀ ਨਿਕਲੀ

ਅੰਮਿ੍ਰਤਸਰ : ਪਿਛਲੇ ਦਿਨੀਂ ਅੰਮਿ੍ਰਤਸਰ ਰਾਮ ਤੀਰਥ ਬਾਈਪਾਸ ਉੱਪਰ 62 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਏ ਸੀ ਪੀ ਵੈੱਸਟ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਦਰਅਸਲ ਲੁੱਟ ਹੋਈ ਹੀ ਨਹੀਂ ਅਤੇ ਸ਼ਿਕਾਇਤਕਰਤਾ ਪਿਓ-ਪੁੱਤ ਨੇ ਝੂਠੀ ਕਹਾਣੀ ਬਣਾ ਕੇ ਗੰੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਫੜ ਲਿਆ ਗਿਆ ਹੈ।
ਬਖਤਾਵਰ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਤੇ ਪਿਤਾ ਵਿਕਾਸਬੀਰ ਸਿੰਘ ਬੈਂਕ ਆਫ ਇੰਡੀਆ ਮਾਲ ਰੋਡ ਲਾਕਰ ਤੋਂ 62 ਲੱਖ ਰੁਪਏ ਕਢਵਾ ਕੇ ਫਾਰਚੂਨਰ ’ਤੇ ਜਾ ਰਹੇ ਸਨ ਤਾਂ ਇਨੋਵਾ ਅਤੇ ਵਰਨਾ ’ਤੇ ਸਵਾਰ ਨਕਾਬਪੋਸ਼ਾਂ ਨੇ ਮਾਹਲ ਬਾਈਪਾਸ ਲਾਗੇ ਪਿਸਤੌਲ ਦੀ ਨੋਕ ’ਤੇ ਖੋਹ ਲਏ। ਏ ਸੀ ਪੀ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰੇ ’ਚ ਫਾਰਚੂਨਰ ਦੇ ਅੱਗੇ-ਪਿੱਛੇ ਕੋਈ ਵੀ ਇਨੋਵਾ ਤੇ ਵਰਨਾ ਨਹੀਂ ਦਿਸੀ। ਪਿਓ ਤੇ ਪੁੱਤਰ ਤੋਂ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਪਤਾ ਲਗਾ ਕਿ 62 ਲੱਖ ਰੁਪਏ ਵਿਕਾਸਬੀਰ ਦੇ ਜੀਜੇ ਅਰਮਿੰਦਰ ਪਾਲ ਸਿੰਘ ਰੰਧਾਵਾ ਦੇ ਜੀਜੇ ਸਰਬਜੀਤ ਸਿੰਘ ਦੇ ਸਨ। ਸਰਬਜੀਤ ਸਿੰਘ ਨੇ ਆਪਣੀ ਜ਼ਮੀਨ ਕਰੀਬ 6 ਕਿਲੇ 3 ਕਨਾਲ ਪਿੰਡ ਭਕਨਾ ਕਲਾਂ ਗੁਰਸੇਵਕ ਸਿੰਘ ਵਾਸੀ ਭਕਨਾ ਕਲਾਂ ਨੂੰ ਵੇਚੀ ਸੀ ਤੇ ਇਸ ਜ਼ਮੀਨ ਦੀ ਪਾਵਰ ਆਫ ਅਟਾਰਨੀ ਵਿਕਾਸਬੀਰ ਸਿੰਘ ਨੂੰ ਦਿੱਤੀ ਗਈ ਸੀ। ਵਿਕਾਸਬੀਰ ਸਿੰਘ ਦੇ ਅਕਾਊਂਟ ਵਿਚ ਕਰੀਬ 58 ਲੱਖ ਰੁਪਏ ਦੇ ਚੈਕ ਟਰਾਂਸਫਰ ਹੋਏ ਤੇ ਬਾਕੀ 62 ਲੱਖ ਰੁਪਏ ਗੁਰਸੇਵਕ ਸਿੰਘ ਨੇ ਵਿਕਾਸਬੀਰ ਸਿੰਘ ਨੂੰ ਕੈਸ਼ ਦਿੱਤੇ। ਵਿਕਾਸਬੀਰ ਸਿੰਘ ਨੇ 58 ਲੱਖ ਰੁਪਏ ਸਰਬਜੀਤ ਸਿੰਘ ਦੇ ਅਕਾਊਂਟ ਨੰਬਰ ਵਿਚ ਟਰਾਂਸਫਰ ਕਰ ਦਿੱਤੇ ਤੇ ਬਾਕੀ 62 ਲੱਖ ਰੁਪਏ ਆਪਣੇ ਕੋਲ ਰੱਖ ਲਏ। ਵਿਕਾਸਬੀਰ ਸਿੰਘ ਤੇ ਉਸ ਦੇ ਪੁੱਤ ਬਖਤਾਵਰ ਸਿੰਘ ਨੇ ਸਰਬਜੀਤ ਸਿੰਘ ਦੇ 62 ਲੱਖ ਰੁਪਏ ਹੜੱਪਣ ਦੀ ਖਾਤਰ ਇਹ ਝੂਠੀ ਕਹਾਣੀ ਬਣਾ ਕੇ ਪੁਲਸ ਨੂੰ ਇਤਲਾਹ ਦਿੱਤੀ। ਦੋਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

Related Articles

LEAVE A REPLY

Please enter your comment!
Please enter your name here

Latest Articles