ਅੰਮਿ੍ਰਤਸਰ : ਪਿਛਲੇ ਦਿਨੀਂ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸਕੱਤਰੇਤ ਮੈਂਬਰ ਅਤੇ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਕਾਮਰੇਡ ਵਿਜੈ ਮਿਸ਼ਰਾ ਨਮਿਤ ਸ਼ਰਧਾਂਜਲੀ ਸਮਾਗਮ ਰਣਜੀਤ ਐਵੀਨਿਊ, ਅੰਮਿ੍ਰਤਸਰ ਵਿਖੇ ਹੋਇਆ। ਵਿਸ਼ਾਲ ਇਕੱਠ ਵਿੱਚ ਆਪਣੇ ਯੁੱਧ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੇ ਸੂਬਾਈ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਸੀ ਪੀ ਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਰਣਵੀਰ ਵਿਰਕ, ਆਰ ਐੱਮ ਪੀ ਆਈ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕਾਮਰੇਡ ਵਿਜੈ ਮਿਸ਼ਰਾ ਨੇ ਆਪਣੀ ਸਾਰੀ ਜ਼ਿੰੰਦਗੀ ਮਜ਼ਦੂਰ ਜਮਾਤ ਦੀ ਬੰਦਖਲਾਸੀ ਲਈ ਅਰਪਿਤ ਕੀਤੀ। ਵਿਦਿਆਰਥੀ ਜੀਵਨ ਤੋਂ ਖੱਬੀ ਲਹਿਰ ਵਿੱਚ ਆਏ ਮਿਸ਼ਰਾ ਨੇ ਦੇਸ਼ ਅੰਦਰ ਲੱਗੀ ਐਮਰਜੈਂਸੀ ਖਿਲਾਫ਼ ਘੋਲ ਵਿਚ ਆਗੂ ਰੋਲ ਅਦਾ ਕੀਤਾ ਅਤੇ ਪੰਜਾਬ ਅੰਦਰ ਅੱਤਵਾਦ ਦੇ ਭਿਆਨਕ ਸਮੇਂ ਕਮਿਊਨਿਸਟ ਵਿਚਾਰਾਂ ’ਤੇ ਸਾਬਤ ਕਦਮੀਂ ਪਹਿਰਾ ਦਿੰਦਿਆਂ ਹਿੰਦੂ-ਸਿੱਖ ਏਕਤਾ ਦੀ ਰਾਖੀ ਲਈ ਲੋਕਾਂ ਨੂੰ ਲਾਮਬੰਦੀ ਕਰਦਿਆਂ ਅੱਤਵਾਦ ਦਾ ਡਟਵਾਂ ਮੁਕਾਬਲਾ ਕੀਤਾ ਅਤੇ ਅੱਤਵਾਦੀਆਂ ਖਿਲਾਫ਼ ਮੋਰਚਿਆਂ ’ਚ ਲੜ ਰਹੇ ਸਾਥੀਆਂ ਦੀ ਹੌਸਲਾ-ਅਫਜ਼ਾਈ ਕਰਨ ਬੇਖੌਫ਼ ਜਾਂਦੇ ਰਹੇ। ਆਗੂਆਂ ਨੇ ਕਿਹਾ ਕਿ ਦੇਸ਼ ਦੀ ਅਜੋਕੀ ਸਰਕਾਰ ਭਾਰਤ ਨੂੰ ਧਰਮ ਅਧਾਰਤ ਕੱਟੜ ਹਿੰਦੂ ਰਾਸ਼ਟਰ ਬਣਾਉਣ ਲਈ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਅਤੇ ਪ੍ਰਗਤੀਸ਼ੀਲ ਲਹਿਰ ’ਤੇ ਅੱਤਿਆਚਾਰ ਕਰਨ ਵਾਲਿਆਂ ਦੀ ਪਿੱਠ ਥਾਪੜ ਰਹੀ ਹੈ ਅਤੇ ਦੇਸ਼ ਦੇ ਕੁਦਰਤੀ ਸਰੋਤ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਰਹੀ ਹੈ, ਜਿਸ ਖਿਲਾਫ ਵੱਡੀ ਲੋਕ ਲਹਿਰ ਉਸਾਰਨ ਲਈ ਕਾਮਰੇਡ ਵਿਜੈ ਮਿਸ਼ਰਾ ਵਰਗੇ ਆਗੂਆਂ ਦੀ ਬਹੁਤ ਜ਼ਰੂਰਤ ਹੈ, ਪਰ ਉਨ੍ਹਾ ਦੇ ਵਿਛੋੜੇ ਨੇ ਜਮਹੂਰੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਕਿਰਤੀ ਲੋਕਾਂ ਦੀ ਵੱਡੀ ਲਹਿਰ ਉਸਾਰ ਕੇ ਸੰਘਰਸ਼ ਕਰਨ ਦੀ ਲੋੜ ਹੈ ਅਤੇ ਇਹੀ ਕਾਮਰੇਡ ਮਿਸ਼ਰਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ਰਧਾਂਜਲੀ ਭੇਟ ਕਰਨ ਵਾਲੇ ਆਗੂਆਂ ਵਿੱਚ ਰਘਬੀਰ ਸਿੰਘ ਪਕੀਵਾਂ, ਨੱਥਾ ਸਿੰਘ, ਪ੍ਰੋ. ਅਮਰਜੀਤ ਸਿੰਘ ਸਿੱਧੂ, ਜਗਤਾਰ ਸਿੰਘ ਕਰਮਪੁਰਾ, ਦੇਵ ਰਾਜ ਵਰਮਾ, ਸ਼ਮਸ਼ੇਰ ਸਿੰਘ, ਤਰਸੇਮ ਜੋਧਾਂ, ਸੁਰਿੰਦਰ ਸ਼ਰਮਾ, ਜਗਦੀਸ਼ ਰਾਜ, ਜਗੀਰ ਕੌਰ, ਗੰਗਾ ਪ੍ਰਸਾਦ, ਕੁਲਵੰਤ ਸਿੰਘ ਬਾਵਾ, ਭੁਪਿੰਦਰ ਸਿੰਘ ਸੰਧੂ, ਸੁਖਦੇਵ ਕਾਲੀਆ ਆਦਿ ਸ਼ਾਮਲ ਸਨ। ਮੰਚ ਸੰਚਾਲਨ ਧਿਆਨ ਸਿੰਘ ਠਾਕੁਰ ਨੇ ਕੀਤਾ। ਕਾਮਰੇਡ ਵਿਜੈ ਮਿਸ਼ਰਾ ਦੀ ਧਰਮ ਪਤਨੀ ਭੈਣ ਜੀ ਸਨੇਹਲਤਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ।





