ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋਂ ਪਹਿਲੀ ਵਾਰ ਐਤਵਾਰ 84 ਮੈਂਬਰੀ ਨਵੀਂ ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ ਕੀਤਾ, ਜਿਸ ਵਿਚ ਉਨ੍ਹਾ ਵਿਰੁੱਧ ਪ੍ਰਧਾਨਗੀ ਦੀ ਚੋਣ ਲੜਨ ਵਾਲੇ ਸ਼ਸ਼ੀ ਥਰੂਰ ਅਤੇ ਰਾਜਸਥਾਨ ’ਚ ਬਗਾਵਤ ਕਰਨ ਵਾਲੇ ਸਚਿਨ ਪਾਇਲਟ ਨੂੰ ਵੀ ਥਾਂ ਦਿੱਤੀ ਗਈ ਹੈ। ਅੰਦਰੂਨ ਪਾਰਟੀ ਸੁਧਾਰਾਂ ਦੀ ਲੋੜ ’ਤੇ ਜ਼ੋਰ ਦੇਣ ਵਾਲੇ ਗਰੁੱਪ-23 ਵਿਚ ਸ਼ਾਮਲ ਆਨੰਦ ਸ਼ਰਮਾ, ਮੁਕੁਲ ਵਾਸਨਿਕ ਤੇ ਸ਼ਸ਼ੀ ਥਰੂਰ ਨੂੰ 39 ਪੱਕੇ ਮੈਂਬਰਾਂ ਵਿਚ ਸ਼ਾਮਲ ਕੀਤਾ ਗਿਆ ਹੈ, ਜਦਕਿ ਇਸੇ ਗਰੁੱਪ ਦੇ ਮਨੀਸ਼ ਤਿਵਾੜੀ ਤੇ ਵੀਰੱਪਾ ਮੋਇਲੀ ਨੂੰ 18 ਪਰਮਾਨੈਂਟ ਇਨਵਾਇਟੀ ਮੈਂਬਰਾਂ ਵਿਚ ਪਾਇਆ ਗਿਆ ਹੈ। ਆਨੰਦ ਸ਼ਰਮਾ ਤੇ ਵਾਸਨਿਕ ਪਹਿਲਾਂ ਵੀ ਮੈਂਬਰ ਹੁੰਦੇ ਸਨ, ਜਦਕਿ ਥਰੂਰ, ਤਿਵਾੜੀ ਤੇ ਮੋਇਲੀ ਦਾ ਵਰਕਿੰਗ ਕਮੇਟੀ ਵਿਚ ਨਵਾਂ ਦਾਖਲਾ ਹੋਇਆ ਹੈ। ਨਵੀਂ ਲਿਸਟ ਵੱਡੇ ਆਗੂਆਂ ’ਚ ਖੜਗੇ, ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ, ਅੰਬਿਕਾ ਸੋਨੀ, ਏ ਕੇ ਐਂਟਨੀ, ਪੀ ਚਿਦੰਬਰਮ, ਜੈਰਾਮ ਰਮੇਸ਼ ਸ਼ਾਮਲ ਹਨ। ਪਹਿਲੀ ਵਾਰ ਬਣੇ ਪੱਕੇ ਮੈਂਬਰਾਂ ਵਿਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐਨ ਰਘੁਵੀਰਾ ਰੈਡੀ, ਛੱਤੀਸਗੜ੍ਹ ਦੇ ਓ ਬੀ ਸੀ ਆਗੂ ਤਾਮਰਧਵੱਜ ਸਾਹੂ, ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ, ਗੁਜਰਾਤ ਦੇ ਸੀਨੀਅਰ ਆਗੂ ਜਗਦੀਸ਼ ਠਾਕੁਰ, ਜੰਮੂ-ਕਸ਼ਮੀਰ ਦੇ ਜੀ ਏ ਮੀਰ, ਪੱਛਮੀ ਬੰਗਾਲ ਦੀ ਦੀਪਾ ਦਾਸਮੁਨਸ਼ੀ, ਆਸਾਮ ਦੇ ਗੌਰਵ ਗੋਗੋਈ, ਸਈਦ ਨਸੀਰ ਹੁਸੈਨ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਦੀ ਪਤਨੀ ਤੇ ਮੰਡੀ ਤੋਂ ਲੋਕ ਸਭਾ ਮੈਂਬਰ ਪ੍ਰਤਿਭਾ ਪਾਟਿਲ ਸ਼ਾਮਲ ਹਨ। ਨਵੇਂ ਪਰਮਾਨੈਂਟ ਇਨਵਾਇਟੀ ਮੈਂਬਰਾਂ ਵਿਚ ਕਨੱਈਆ ਕੁਮਾਰ, ਮੋਹਨ ਪ੍ਰਕਾਸ਼, ਰਮੇਸ਼ ਚੇਨਿਨਥਲਾ, ਬੀ ਕੇ ਹਰੀਪ੍ਰਸਾਦ, ਰਾਹੁਲ ਗਾਂਧੀ ਦੇ ਕਰੀਬੀ ਕੇ ਰਾਜੂ ਤੇ ਮੀਨਾਕਸ਼ੀ ਨਟਰਾਜਨ, ਦੀਪੇਂਦਰ ਹੁੱਡਾ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸਾਂਸਦ ਫੂਲੋ ਦੇਵੀ ਨੇਤਾਮ ਤੇ ਖੜਗੇ ਦੇ ਕਰੀਬੀ ਪੱਤਰਕਾਰ ਗੁਰਦੀਪ ਸੱਪਲ ਸ਼ਾਮਲ ਹਨ। ਨੌਂ ਸਪੈਸ਼ਲ ਇਨਵਾਇਟੀਆਂ ’ਚ ਆਂਧਰਾ ਦੇ ਪੱਲਮ ਰਾਜੂ, ਕਾਂਗਰਸ ਮੀਡੀਆ ਵਿੰਗ ਦੇ ਮੁਖੀ ਪਵਨ ਖੇੜਾ, ਉੱਤਰਾਖੰਡ ਦੇ ਸਾਬਕਾ ਪ੍ਰਧਾਨ ਗਣੇਸ਼ ਗੋਡਿਯਾਲ, ਸਾਂਸਦ ਕੇ ਸੁਰੇਸ਼, ਯਸ਼ੋਮਤੀ ਠਾਕੁਰ, ਕਾਂਗਰਸ ਦੀਆਂ ਤਰਜਮਾਨ ਸੁਪਿ੍ਰਆਨੇਤ, ਅਲਕਾ ਲਾਂਬਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਧੀ ਪਰਿਣਿਤੀ ਸ਼ਿੰਦੇ ਸ਼ਾਮਲ ਹਨ। ਜਿਨ੍ਹਾਂ ਆਗੂਆਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿਚ ਰਾਜਸਥਾਨ ਦੇ ਰਘੁਵੀਰ ਸਿੰਘ ਮੀਣਾ, ਕਰਨਾਟਕ ਦੇ ਦਿਨੇਸ਼ ਗੁੰਡੂਰਾਓ, ਕੇ ਐੱਚ ਮੁਨੀਅੱਪਾ ਤੇ ਐੱਚ ਕੇ ਪਾਟਿਲ (ਇਹ ਸਾਰੇ ਇਸ ਵੇਲੇ ਕਰਨਾਟਕ ’ਚ ਮੰਤਰੀ ਹਨ), ਰਾਜ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਪ੍ਰਮੋਦ ਤਿਵਾੜੀ, ਪੀ ਐੱਲ ਪੁਨੀਆ ਤੇ ਰਘੂ ਸ਼ਰਮਾ ਸ਼ਾਮਲ ਹਨ। ਨਵੀਂ ਵਰਕਿੰਗ ਕਮੇਟੀ ਵਿਚ 39 ਪੱਕੇ ਮੈਂਬਰ, 18 ਪਰਮਾਨੈਂਟ ਇਨਵਾਇਟੀ, 14 ਸਟੇਟ ਇੰਚਾਰਜ, 9 ਸਪੈਸ਼ਲ ਇਨਵਾਇਟੀ ਅਤੇ ਯੂਥ ਕਾਂਗਰਸ, ਐੱਨ ਐੱਸ ਯੂ ਆਈ, ਮਹਿਲਾ ਕਾਂਗਰਸ ਤੇ ਸੇਵਾ ਦਲ ਦੇ ਪ੍ਰਧਾਨ ਚਾਰ ਐੱਕਸ ਆਫਿਸ਼ਿਓ ਮੈਂਬਰ ਹਨ।


