ਚੰਡੀਗੜ੍ਹ (ਗੁਰਜੀਤ ਬਿੱਲਾ)
ਛੱਤੀਸਗੜ੍ਹ ’ਚ ਗਾਰੰਟੀ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਮੱਧ ਪ੍ਰਦੇਸ਼ ’ਚ ਵੀ ਪਾਰਟੀ ਦਾ ਗਾਰੰਟੀ ਕਾਰਡ ਜਾਰੀ ਕੀਤਾ। ਦੋਵਾਂ ਆਗੂਆਂ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਰੁਜ਼ਗਾਰ, ਮੁਫਤ ਬਿਜਲੀ, ਸਿੱਖਿਆ, ਸਿਹਤ, ਸ਼ਹੀਦ ਸਨਮਾਨ ਫੰਡ ਅਤੇ ਭਿ੍ਰਸ਼ਟਾਚਾਰ ਮੁਕਤ ਸ਼ਾਸਨ ਦੀ ਗਰੰਟੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਵਾਅਦੇ ਨਹੀਂ ਕਰਦੀ। ਭਗਵੰਤ ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੱਧ ਪ੍ਰਦੇਸ਼ ਨੂੰ ਹੁਣ ਭਾਜਪਾ ਦੇ ਡਬਲ ਇੰਜਣ ਦੀ ਲੋੜ ਨਹੀਂ। ਹੁਣ ਮੱਧ ਪ੍ਰਦੇਸ਼ ਨੂੰ ਅਰਵਿੰਦ ਕੇਜਰੀਵਾਲ ਦੇ ਨਵੇਂ ਇੰਜਣ ਦੀ ਲੋੜ ਹੈ। ਕੇਜਰੀਵਾਲ ਦੀ ਤਾਰੀਫ ਕਰਦਿਆਂ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਗੰਗਾ ਦਾ ਵਹਾਅ ਉਲਟਾ ਨਹੀਂ ਵਹਿ ਸਕਦਾ, ੳਸੇ ਤਰ੍ਹਾਂ ਕੇਜਰੀਵਾਲ ਦੀ ਗਰੰਟੀ ਅਧੂਰੀ ਨਹੀਂ ਹੋ ਸਕਦੀ। ਰੁਜ਼ਗਾਰ ਦੀ ਗਰੰਟੀ ’ਤੇ ਮਾਨ ਨੇ ਕਿਹਾ ਕਿ ਪੰਜਾਬ ’ਚ ਅਸੀਂ ਡੇਢ ਸਾਲ ’ਚ 30 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਦਿੱਲੀ ਵਿੱਚ ਬਿਜਲੀ ਪੈਦਾ ਨਾ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ 24 ਘੰਟੇ ਮੁਫਤ ਬਿਜਲੀ ਦਿੱਤੀ। ਪੰਜਾਬ ਵਿੱਚ ਵੀ 1 ਜੁਲਾਈ 2022 ਤੋਂ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲ ਰਹੀ ਹੈ। ਮੁਫਤ ਬਿਜਲੀ ਕਾਰਨ ਹੁਣ ਆਮ ਲੋਕਾਂ ਨੂੰ ਹਰ ਮਹੀਨੇ ਦੋ ਤੋਂ ਤਿੰਨ ਹਜ਼ਾਰ ਰੁਪਏ ਦੀ ਬੱਚਤ ਹੋ ਰਹੀ ਹੈ। ਮਾਨ ਨੇ ਕਿਹਾ ਕਿ ਉਹਨਾ 350 ਤੋਂ ਵੱਧ ਭਿ੍ਰਸ਼ਟ ਆਗੂਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁਮਲੇਬਾਜ਼ ਅਤੇ ਅਨਪੜ੍ਹ ਕਰਾਰ ਦਿੰਦਿਆਂ ਕਿਹਾ, ‘ਠੰਢਾ ਦਾ ਮਤਲਬ ਕੋਕਾ ਕੋਲਾ, ਅਨਪੜ੍ਹ ਦਾ ਮਤਲਬ ਨਰਿੰਦਰ ਮੋਦੀ।’ ਉਨ੍ਹਾ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਨਾਲ ਸਿਰਫ ਜੁਮਲੇਬਾਜ਼ੀ ਕੀਤੀ ਹੈ। ਉਹ ਬਚਪਨ ਵਿੱਚ ਚਾਹ ਵੇਚਣ ਦੀ ਗੱਲ ਕਰਦੇ ਸਨ, ਪਰ ਮੈਨੂੰ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਵੀ ਨਹੀਂ ਜਾਣਦੇ ਹੋਣਗੇ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ’ਚ ਦੇਸ਼ ’ਚ ਇਕ ਵੀ ਪਾਰਟੀ ਅਜਿਹੀ ਨਹੀਂ ਹੋਈ, ਜਿਸ ਨੇ ਚੰਗੇ ਸਕੂਲ ਅਤੇ ਹਸਪਤਾਲ ਬਣਾਉਣ ਦੇ ਨਾਂਅ ’ਤੇ ਵੋਟਾਂ ਮੰਗੀਆਂ ਹੋਣ। ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਹਮਲਾ ਬੋਲਦਿਆਂ ਕਿਹਾ ਕਿ ਮਾਮਾ ਨੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਹੁਣ ਤੁਹਾਡਾ ਚਾਚਾ (ਅਰਵਿੰਦ ਕੇਜਰੀਵਾਲ) ਮਾਮੇ ਦੇ ਧੋਖੇ ਦਾ ਬਦਲਾ ਲੈਣ ਆਇਆ ਹੈ। ਹੁਣ ਮਾਮੇ ’ਤੇ ਭਰੋਸਾ ਨਾ ਕਰੋ, ਹੁਣ ਸਿਰਫ ਆਪਣੇ ਚਾਚੇ ’ਤੇ ਭਰੋਸਾ ਕਰੋ।





