ਚੰਡੀਗੜ੍ਹ/ਲੌਂਗੋਵਾਲ (ਪ੍ਰਦੀਪ ਸੱਪਲ, ਕੁਲਦੀਪ ਅੱਤਰੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਚੰਡੀਗੜ੍ਹ ’ਚ ਧਰਨਾ ਦੇਣ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਪੰਜਾਬ ਪੁਲਸ ਨੇ ਸੋਮਵਾਰ ਸਵੇਰ ਤੋਂ ਹੀ ਛਾਪੇਮਾਰੀ ਕਰਦਿਆਂ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਸਣੇ ਦਰਜਨਾਂ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ।
ਗਿ੍ਰਫਤਾਰੀਆਂ ਵਿਰੁੱਧ ਲੌਂਗੋਵਾਲ ’ਚ ਧਰਨਾ ਦੇ ਰਹੇ ਕਿਸਾਨਾਂ ਤੇ ਪੁਲਸ ਦਰਮਿਆਨ ਹੋਈ ਝੜਪ ਵਿੱਚ ਕਿਸਾਨ ਪ੍ਰੀਤਮ ਸਿੰਘ ਵਾਸੀ ਮੰਡੇਰ ਕਲਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਕਿਸਾਨ, ਇਕ ਪੁਲਸ ਇੰਸਪੈਕਟਰ ਸਮੇਤ ਦੋ ਹੋਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਆਗੂਆਂ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਬਡਬਰ ਰੋਡ ’ਤੇ ਕਿਸਾਨਾਂ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਉਪਰੋਂ ਜਥੇਬੰਦੀ ਦੀ ਕਾਲ ਆਈ ਕਿ ਬਡਬਰ ਟੋਲ ਪਲਾਜ਼ੇ ’ਤੇ ਜਾ ਕੇ ਧਰਨਾ ਦੇਵੋ, ਤਾਂ ਜਦੋਂ ਕਿਸਾਨ ਜਾਣ ਲੱਗੇ ਤਾਂ ਪੁਲਸ ਨੇ ਬੈਰੀਕੇਡ ’ਤੇ ਰੋਕ ਲਿਆ। ਕਿਸਾਨਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਵੱਲੋਂ ਸਰੇਆਮ ਬੱਸ ਦੇ ਸ਼ੀਸ਼ੇ ਭੰਨੇ ਗਏ। ਕਿਸਾਨਾਂ ਨੇ ਪੁਲਸ ਦੀ ਧੱਕੇਸ਼ਾਹੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।




