‘ਬਿੱਲ ਲਿਆਓ, ਇਨਾਮ ਪਾਓ’, ‘ਮੇਰਾ ਬਿੱਲ ਐਪ’ ਜਾਰੀ

0
198

ਚੰਡੀਗੜ੍ਹ (ਗੁਰਜੀਤ ਬਿੱਲਾ)
ਹੇਠਲੇ ਪੱਧਰ ’ਤੇ ਟੈਕਸ ਚੋਰੀ ਦੇ ਅਮਲ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਦੀ ਸ਼ੁਰੂਆਤ ਕੀਤੀ ਤਾਂ ਕਿ ਸੂਬੇ ’ਚ ਮਾਲੀਏ ਦੀ ਉਗਰਾਹੀ ਵਧਾਈ ਜਾ ਸਕੇ।
ਇੱਥੇ ਮੁੱਖ ਮੰਤਰੀ ਦਫਤਰ ਵਿਖੇ ਇਸ ਐਪ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਜੀ ਐਸ ਟੀ ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਲੀਏ ਦੀ ਉਗਰਾਹੀ ਵਧਾਉਣਾ ਹੈ। ਇਹ ਸਕੀਮ ਖਪਤਕਾਰਾਂ ਨੂੰ ਸੂਬੇ ’ਚ ਖਰੀਦ ਕਰਨ ਮੌਕੇ ਡੀਲਰਾਂ ਪਾਸੋਂ ਬਿੱਲ ਹਾਸਲ ਕਰਨ ਲਈ ਉਤਸ਼ਾਹਤ ਕਰਨ ਅਤੇ ਵਿਕਰੀ ਬਦਲੇ ਬਿੱਲ ਹਾਸਲ ਕਰਨ ਲਈ ਡੀਲਰਾਂ ਨੂੰ ਮਜ਼ਬੂਰ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖਪਤਕਾਰਾਂ ਨੂੰ ‘ਮੇਰਾ ਬਿੱਲ’ ਐਪ ’ਤੇ ਖਰੀਦ ਕਰਨ ਦਾ ਬਿੱਲ ਅਪਲੋਡ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਇਹ ਖਪਤਕਾਰ ਲੱਕੀ ਡਰਾਅ ਵਿਚ ਸ਼ਾਮਲ ਹੋਣ ਦੇ ਯੋਗ ਹੋਵੇਗਾ ਅਤੇ ਇਹ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਨਿਕਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ’ਚ 29 ਟੈਕਸੇਸ਼ਨ ਜ਼ਿਲ੍ਹੇ ਹਨ ਅਤੇ ਹਰੇਕ ਜ਼ਿਲ੍ਹੇ ’ਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ ਜਿਸ ਤਹਿਤ ਹਰੇਕ ਮਹੀਨੇ 290 ਇਨਾਮ ਦਿੱਤੇ ਜਾਣਗੇ। ਇਹ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਟੈਕਸ ਦੇ ਪੰਜ ਗੁਣਾ ਦੇ ਬਰਾਬਰ ਹੋਵੇਗਾ, ਪਰ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜਨੈਸ-ਟੂ-ਬਿਜ਼ਨੈਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਉਕਤ ਸਕੀਮ ’ਚ ਹਿੱਸਾ ਲੈਣ ਦੇ ਯੋਗ ਨਹੀਂ ਹੋਣਗੇ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਲੋਕਾਂ ਲਈ ਬਣਾਈ ਗਈ ਹੈ ਅਤੇ ਇਸ ਜ਼ਰੀਏ ਸਰਕਾਰ ਟੈਕਸ ਚੋਰੀ ਵੀ ਰੋਕ ਸਕੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣ ਕਰਨ ਵਾਲੇ ਸਮਾਜ ਪ੍ਰਤੀ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਉਹ ਸੂਬੇ ਦੇ ਵਿਕਾਸ ਵਿਚ ਅਹਿਮ ਭਾਈਵਾਲ ਬਣਨਗੇ। ਇਸ ਮੌਕੇ ਵਿੱਤ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here