ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਉਸ ਅਧਿਕਾਰੀ ਨੂੰ ਸੋਮਵਾਰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ, ਜਿਸ ’ਤੇ ਨਾਬਾਲਗ ਨਾਲ ਕਈ ਵਾਰ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਦੋਸ਼ ਹੈ। ਪੁਲਸ ਨੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਨੇ ਐਤਵਾਰ ਕਿਹਾ ਸੀ ਕਿ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਖਿਲਾਫ ਆਪਣੇ ਦੋਸਤ ਦੀ ਨਾਬਾਲਗ ਧੀ ਨਾਲ ਕਈ ਵਾਰ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਦੇ ਪਿਤਾ ਦਾ 1 ਅਕਤੂਬਰ 2020 ਨੂੰ ਦੇਹਾਂਤ ਹੋ ਗਿਆ ਸੀ ਅਤੇ ਉਦੋਂ ਤੋਂ ਉਹ ਮੁਲਜ਼ਮ ਅਤੇ ਉਸ ਦੇ ਪਰਵਾਰ ਨਾਲ ਉਨ੍ਹਾਂ ਦੇ ਘਰ ਰਹਿ ਰਹੀ ਸੀ। ਮੁਲਜ਼ਮ ਨੇ 2020 ਤੋਂ 2021 ਦਰਮਿਆਨ ਪੀੜਤਾ ਨਾਲ ਕਥਿਤ ਤੌਰ ’ਤੇ ਵਾਰ-ਵਾਰ ਬਲਾਤਕਾਰ ਕੀਤਾ, ਜਿਸ ਦੌਰਾਨ ਮੁਲਜ਼ਮ ਦੀ ਪਤਨੀ ਨੇ ਵੀ ਕਥਿਤ ਤੌਰ ’ਤੇ ਉਸ ਦੀ ਮਦਦ ਕੀਤੀ। ਪੁਲਸ ਸੂਤਰ ਨੇ ਕਿਹਾ ਕਿ ਮੁਲਜ਼ਮ ਦੀ ਪਤਨੀ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਪੀੜਤਾ 12ਵੀਂ ’ਚ ਪੜ੍ਹਦੀ ਹੈ। ਉਹ ਮੁਲਜ਼ਮ ਨੂੰ ਗਿਰਜਾਘਰ ’ਚ ਮਿਲੀ, ਜਿੱਥੇ ਉਹ ਅਕਸਰ ਆਉਂਦਾ ਰਹਿੰਦਾ ਸੀ। 2020 ’ਚ ਪੀੜਤਾ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ’ਚ ਚਲੀ ਗਈ। ਮੁਲਜ਼ਮ ਉਸ ਦੀ ਮਦਦ ਕਰਨ ਦੇ ਬਹਾਨੇ ਆਪਣੇ ਘਰ ਲੈ ਗਿਆ। ਪੁਲਸ ਨੇ ਦੱਸਿਆ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਪੀੜਤਾ ਗਰਭਵਤੀ ਹੋਈ ਤਾਂ ਮੁਲਜ਼ਮ ਵੱਲੋਂ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਪੀੜਤਾ ਨੇ ਜਦੋਂ ਸਾਰੀ ਗੱਲ ਮੁਲਜ਼ਮ ਦੀ ਪਤਨੀ ਨੂੰ ਸੁਣਾਈ ਤਾਂ ਉਸ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੇ ਭਰੂਣ ਦਾ ਗਰਭਪਾਤ ਕਰਵਾ ਦਿੱਤਾ। ਔਰਤ ਨੇ ਆਪਣੇ ਪੁੱਤਰ ਤੋਂ ਬਾਜ਼ਾਰ ਤੋਂ ਗਰਭਪਾਤ ਦੀਆਂ ਗੋਲੀਆਂ ਮੰਗਵਾਈਆਂ ਤੇ ਕੁੜੀ ਨੂੰ ਦਿੱਤੀਆਂ। ਫਿਲਹਾਲ ਕੁੜੀ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ, ਪੁਲਸ ਉਸ ਨੂੰ ਸਥਾਨਕ ਮੈਜਿਸਟ੍ਰੇਟ ਕੋਲ ਬਿਆਨ ਦਰਜ ਕਰਵਾਉਣ ਲਈ ਲੈ ਕੇ ਜਾਵੇਗੀ।





