17.1 C
Jalandhar
Thursday, November 21, 2024
spot_img

ਕਾਮਰੇਡ ਜੰਗੀਰ ਸਿੰਘ ਜੋਗਾ ਹਰੇਕ ਵਿਅਕਤੀ ਨੂੰ ਰੁਜ਼ਗਾਰ ਦੇਣ ਦੀ ਸੋਚ ਦੇ ਧਾਰਨੀ ਸਨ : ਮਾੜੀਮੇਘਾ

ਜੋਗਾ : ਕਾਮਰੇਡ ਜੰਗੀਰ ਸਿੰਘ ਜੋਗਾ ਦੀ 21ਵੀਂ ਬਰਸੀ ਉਨ੍ਹਾ ਦੀ ਯਾਦਗਾਰ ’ਤੇ ਪਿੰਡ ਨਿਵਾਸੀਆਂ ਨੇ ਸਾਂਝੇ ਤੌਰ ’ਤੇ ਮਨਾਈ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਹੋਇਆ। ਕੀਰਤਨ ਉਪਰੰਤ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾਕਿਸਾਨ ਭਰਾਓ, ਆਪਾਂ ਜੋਗਾ ਜੀ ਦੀ ਬਦੌਲਤ ਹੀ ਜ਼ਮੀਨਾਂ ਦੇ ਮਾਲਕ ਬਣੇ ਹਾਂ। ਇਸ ਇਲਾਕੇ ਵਿੱਚ ਜੋਗਾ ਜੀ ਤੇ ਧਰਮ ਸਿੰਘ ਫੱਕਰ ਦੀ ਅਗਵਾਈ ਹੇਠ ਜ਼ਮੀਨਾਂ ਦੀ ਪ੍ਰਾਪਤੀ ਲਈ ਸੰਘਰਸ਼ ਲੜਿਆ ਗਿਆ ਤੇ 28000 ਏਕੜ ਦੇ ਕਰੀਬ ਜ਼ਮੀਨ ਜਗੀਰਦਾਰਾਂ ਤੋਂ ਖੋਹ ਕੇ ਕਿਰਤੀਆਂ ਵਿੱਚ ਵੰਡੀ ਗਈ। ਕਿਰਤੀ ਭਾਵ ਜ਼ਮੀਨ ’ਤੇ ਕਿਰਤ ਕਰਦਾ ਕਿਸਾਨ। 1952 ਵਿੱਚ ਪੈਪਸੂ ਦੀਆਂ ਚੋਣਾਂ ਹੋਈਆਂ ਤਾਂ ਕਾਂਗਰਸ ਆਗੂ ਕਹਿੰਦੇ ਜੋਗਾ ਜੀ ਤੁਸੀਂ ਪੈਪਸੂ ਦੇ ਮੁੱਖ ਮੰਤਰੀ ਬਣ ਜਾਓ। ਜੋਗਾ ਜੀ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿ ਮੈਂ ਜਗੀਰਦਾਰ ਕਾਂਗਰਸੀਆਂ ਨਾਲ ਚੱਲ ਨਹੀਂ ਸਕਦਾ, ਮੈਂ ਤਾਂ ਜਗੀਰਦਾਰਾਂ ਵਿਰੁੱਧ ਲੜਿਆ ਹਾਂ ਤੇ ਲੜਦਾ ਰਹਾਂਗਾ। ਜੋਗਾ ਜੀ ਨੇ ਜਗੀਰਦਾਰੀ ਤੋਂ ਇਲਾਵਾ ਕੁਨਬਾਪਰਵਰੀ ਦੇ ਵਿਰੁੱਧ ਵੀ ਸੰਘਰਸ਼ ਜਾਰੀ ਰੱਖਿਆ। ਵਿਧਾਨ ਸਭਾ ਵਿੱਚ ਉਹ ਇਕੱਲੇ ਜੋਗਾ ਹਲਕੇ ਦੇ ਕੰਮਾਂ ਵਾਸਤੇ ਹੀ ਲੜਾਈ ਥੋੜ੍ਹਾ ਲੜਦੇ ਸਨ, ਉਹ ਪੰਜਾਬ ਦੀ ਸਾਰੀ ਵਸੋਂ ਦੀ ਲੜਾਈ ਲੜਦੇ ਸਨ। ਉਨ੍ਹਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਜ਼ੁਲਮ ਝੱਲੇ, ਕਈ ਵਾਰ ਜੇਲ੍ਹ ਵਿੱਚ ਬੰਦ ਰਹੇ। ਅੰਗਰੇਜ਼ਾਂ ਤੋਂ ਸਿਰਫ ਦੇਸ਼ ਆਜ਼ਾਦ ਕਰਵਾਉਣ ਤੱਕ ਹੀ ਸੀਮਤ ਨਹੀਂ ਸਨ, ਉਹ ਤਾਂ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਖੁਸ਼ਹਾਲੀ ਚਾਹੁੰਦੇ ਸਨ। ਖੁਸ਼ਹਾਲੀ ਤਾਂ ਹੀ ਪਰਤ ਸਕਦੀ ਸੀ, ਜੇ ਹਰੇਕ ਵਿਅਕਤੀ ਨੂੰ ਰੁਜ਼ਗਾਰ ਮਿਲਦਾ। ਇਸ ਦਾ ਮਤਲਬ ਉਨ੍ਹਾ ਦੀ ਸੋਚ ਹਰ ਇੱਕ ਨੂੰ ਰੁਜ਼ਗਾਰ ਦੇਣ ਵਾਲੀ ਸੀ। ਉਹ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਰਹੇ।
ਸਮਾਗਮ ਦੀ ਕਰਤਾ-ਧਰਤਾ ਉਨ੍ਹਾ ਦੀ ਧੀ ਅੰਮਿ੍ਰਤਪਾਲ ਸੀ, ਉਹ ਪੰਜਾਬ ਇਸਤਰੀ ਸਭਾ ਵਿੱਚ ਵੀ ਸਰਗਰਮ ਹਨ। ਵਿਦੇਸ਼ ਵਿੱਚੋਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੈਂਬਰ ਹਰਮਿੰਦਰ ਕੌਰ ਜੋਗਾ ਵੀ ਦੇਖ-ਰੇਖ ਕਰ ਰਹੇ ਸਨ। ਸਾਬਕਾ ਐੱਮ ਐੱਲ ਏ ਨਾਜਰ ਸਿੰਘ ਮਾਨਸ਼ਾਹੀਆ ਤੇ ਕਾਂਗਰਸ ਦੇ ਵਿਜੇ ਸਿੰਗਲਾ ਸਾਬਕਾ ਮੰਤਰੀ ਨੇ ਵੀ ਉਹਨਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਨ੍ਹਾਂ ਤੋਂ ਇਲਾਵਾ ਨੱਥੂ ਸਿੰਘ ਸੀ ਪੀ ਆਈ ਦੇ ਜ਼ਿਲ੍ਹਾ ਕੌਂਸਲ ਮੈਂਬਰ ਮਾਨਸਾ ਵੀ ਸ਼ਾਮਲ ਸਨ। ਅਖੀਰ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ।

Related Articles

LEAVE A REPLY

Please enter your comment!
Please enter your name here

Latest Articles