ਨਵੀਂ ਦਿੱਲੀ : ਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ ਡਬਲਿਊ ਡਬਲਿਊ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਸਮੇਂ ’ਤੇ ਚੋਣਾਂ ਨਾ ਕਰਵਾਉਣ ਕਾਰਨ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਭਾਰਤੀ ਭਲਵਾਨਾਂ ਨੂੰ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਝੰਡੇ ਹੇਠ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਭਾਰਤੀ ਭਲਵਾਨਾਂ ਨੂੰ 16 ਸਤੰਬਰ ਤੋਂ ਸਰਬੀਆ ਵਿਚ ਸ਼ੁਰੂ ਹੋਣ ਵਾਲੀ ਉਲੰਪਿਕ-ਕੁਆਲੀਫਾਇੰਗ ਵਿਸ਼ਵ ਚੈਂਪੀਅਨਸ਼ਿਪ ਵਿਚ ‘ਅਧਿਕਾਰਤ ਨਿਰਪੱਖ ਐਥਲੀਟਾਂ’ (ਆਥੋਰਾਈਜ਼ਡ ਨਿਊਟਰਲ ਐਥਲੀਟ) ਵਜੋਂ ਯੂ ਡਬਲਿਊ ਡਬਲਿਊ ਦੇ ਝੰਡੇ ਹੇਠ ਮੁਕਾਬਲਾ ਕਰਨਾ ਹੋਵੇਗਾ, ਕਿਉਂਕਿ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੇ ਐਡ-ਹਾਕ ਪੈਨਲ ਨੇ ਚੋਣਾਂ ਕਰਵਾਉਣ ਲਈ ਤੈਅ 45 ਦਿਨਾਂ ਦੀ ਸਮਾਂ ਸੀਮਾ ਨੂੰ ਟਪਾ ਦਿੱਤਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਨ ਸਿੰਘ ਉੱਤੇ ਮਹਿਲਾ ਭਲਵਾਨਾਂ ਨਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹੋਏ ਅੰਦੋਲਨ ਤੋਂ ਬਾਅਦ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ 27 ਅਪਰੈਲ ਨੂੰ ਐਡ-ਹਾਕ ਪੈਨਲ ਦੀ ਨਿਯੁਕਤੀ ਕੀਤੀ ਸੀ ਅਤੇ ਕਮੇਟੀ ਨੇ 45 ਦਿਨਾਂ ਦੇ ਅੰਦਰ (15 ਜੁਲਾਈ ਤੱਕ) ਚੋਣਾਂ ਕਰਾਉਣੀਆਂ ਸਨ। ਯੂ ਡਬਲਿਊ ਡਬਲਿਊ ਨੇ 28 ਅਪਰੈਲ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਚੋਣਾਂ ਕਰਵਾਉਣ ਦੀ ਸਮਾਂ ਸੀਮਾ ਦਾ ਸਨਮਾਨ ਨਾ ਕੀਤਾ ਗਿਆ ਤਾਂ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦੀ ਹੈ। ਆਥੋਰਾਈਜ਼ਡ ਨਿਊਟਰਲ ਐਥਲੀਟ (ਏ ਐੱਨ ਏ) ਕੈਟੇਗਰੀ ਤਹਿਤ ਕਿਸੇ ਵਿਵਾਦ ਦੀ ਸੂਰਤ ’ਚ ਸੰਬੰਧਤ ਦੇਸ਼ ਦੇ ਐਥਲੀਟ ਕੌਮਾਂਤਰੀ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਹਨ। ਜੇ ਤਮਗਾ ਜਿੱਤਦੇ ਹਨ ਤਾਂ ਦੇਸ਼ ਦੇ ਖਾਤੇ ਵਿਚ ਨਹੀਂ ਜਾਂਦਾ। ਤਮਗਾ ਹਾਸਲ ਕਰਨ ਵੇਲੇ ਦੇਸ਼ ਦਾ ਤਰਾਨਾ ਵੀ ਨਹੀਂ ਵਜਦਾ। ਇਸ ਸਾਲ ਜਨਵਰੀ ਤੇ ਅਪ੍ਰੈਲ ਵਿਚ ਕੌਮਾਂਤਰੀ ਭਲਵਾਨਾਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦੀ ਅਗਵਾਈ ਵਿਚ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਵਿਚ ਧਰਨਾ ਦਿੱਤਾ ਸੀ। ਐਡ-ਹਾਕ ਕਮੇਟੀ ਨੇ 12 ਅਗਸਤ ਨੂੰ ਚੋਣਾਂ ਦੀ ਤਰੀਕ ਮਿੱਥੀ ਸੀ, ਪਰ ਹਰਿਆਣਾ ਕੁਸ਼ਤੀ ਐਸੋਸੀਏਸ਼ਨ ਨੇ ਇਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦੇ ਦਿੱਤੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਦਿੱਤਾ ਗਿਆ, ਜਦਕਿ ਉਹ ਹਰਿਆਣਾ ਉਲੰਪਿਕ ਐਸੋਸੀਏਸ਼ਨ ਨਾਲ ਐਫੀਲੀਏਟਿਡ ਹੈ। ਉਸ ਦੀ ਥਾਂ ਹਰਿਆਣਾ ਐਮਚਿਓਰ ਰੈਸਲਿੰਗ ਐਸੋਸੀਏਸ਼ਨ ਨੂੰ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ। ਹਾਈ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਚੋਣਾਂ ’ਤੇ 28 ਅਗਸਤ ਤੱਕ ਰੋਕ ਲਾ ਦਿੱਤੀ ਸੀ। ਉਸ ਦਿਨ ਅਗਲੀ ਸੁਣਵਾਈ ਹੋਣੀ ਹੈ।