ਸ੍ਰੀਨਗਰ : ਲੱਦਾਖ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾ ਦੀ ਆਵਾਜ਼ ਦਬਾਈ ਜਾ ਰਹੀ ਹੈ, ਰੁਜ਼ਗਾਰ ਦੇ ਜੋ ਵਾਅਦੇ ਕੀਤੇ ਗਏ ਸਨ, ਉਹ ਝੂਠੇ ਸਾਬਿਤ ਹੋਏ ਹਨ। ਲੱਦਾਖ ਚਾਹੇ ਕੇਂਦਰ ਸਾਸ਼ਤ ਪ੍ਰਦੇਸ਼ ਬਣ ਗਿਆ ਹੈ, ਪਰ ਅੱਜ ਵੀ ਇੱਥੇ ਬਹੁਤ ਸਾਰੀਆਂ ਕਮੀਆਂ ਹਨ। ਅੱਜ ਸਥਿਤੀ ਇਹ ਹੈ ਕਿ ਲੱਦਾਖ ਬੇਰੁਜ਼ਗਾਰੀ ਦਾ ਕੇਂਦਰ ਬਣ ਗਿਆ ਹੈ। ਇੱਥੇ ਫੋਨ ਦੀ ਕਨੈਕਟੀਵਿਟੀ ਵੀ ਚੰਗੀ ਨਹੀਂ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਉਕਤ ਗੱਲਾਂ ਸ਼ੁੱਕਰਵਾਰ ਲੱਦਾਖ ਦੌਰੇ ਦੌਰਾਨ ਕਾਰਗਿਲ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀਆਂ। ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੌਰੇ ਦੌਰਾਨ ਇੱਥੇ ਰਹਿਣ ਵਾਲੇ ਲੋਕਾਂ ਨੇ ਉਨ੍ਹਾ ਨਾਲ ਗੱਲਬਾਤ ਕੀਤੀ ਹੈ। ਰਾਹੁਲ ਨੇ ਕਿਹਾ ਕਿ ਲੱਦਾਖ ਦੇ ਲੋਕ ਹਮੇਸ਼ਾ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਰਹੇ ਹਨ ਅਤੇ ਇਸ ਗੱਲ ਦੀ ਕਦਰ ਕਾਂਗਰਸ ਪਾਰਟੀ ਕਰਦੀ ਹੈ। ਰਾਹੁਲ ਨੇ ਕਿਹਾ ਕਿ ਮੈਂ ਲੱਦਾਖ ਦੌਰੇ ਦੌਰਾਨ ਦੇਖਿਆ ਕਿ ਚੀਨ ਨੇ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕੀਤਾ, ਪਰ ਪ੍ਰਧਾਨ ਮੰਤਰੀ ਮੋਦੀ ਇਹ ਕਹਿੰਦੇ ਹਨ ਕਿ ਚੀਨ ਨੇ ਭਾਰਤ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਲਈ। ਉਨ੍ਹਾ ਕਿਹਾ ਕਿ ਭਾਜਪਾ ਦਾ ਡਾਊਨਫਾਲ ਸ਼ੁਰੂ ਹੋ ਚੁੱਕਾ ਹੈ, ਛੇਤੀ ਹੀ ਭਾਜਪਾ ਦਾ ਦੇਸ਼ ’ਚ ਸਫਾਇਆ ਹੋ ਜਾਵੇਗਾ। ਉਨ੍ਹਾ ਕਿਹਾ, ਮੈਂ ਲੱਦਾਖ ਦੇ ਕੋਨੇ-ਕੋਨੇ ’ਚ ਗਿਆ। ਗਰੀਬਾਂ, ਮਾਤਾਵਾਂ, ਭੈਣਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਤੁਹਾਡੇ ਦਿਲ ਦੀ ਗੱਲ ਸਮਝਣ ਦੀ ਕੋਸ਼ਿਸ਼ ਕੀਤੀ। ਦੂਜੇ ਨੇਤਾ ‘ਮਨ ਕੀ ਬਾਤ’ ਕਰਦੇ ਹਨ। ਮੈਂ ਸੋਚਿਆ ਕਿ ਤੁਹਾਡੇ ‘ਮਨ ਕੀ ਬਾਤ’ ਸੁਣਾ।




