ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 6 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 5 ਮਾਰਚ ਨੂੰ ਦੁਪਹਿਰ ਡੇਢ ਵਜੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਵੇਗੀ। ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ। ਮੀਟਿੰਗ ਵਿੱਚ ਸੂਬੇ ਦੀ ਸਨਅਤੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।
ਸੁੱਖ ਦਾ ਲਿਆ ਸਾਹ
ਨਵੀਂ ਦਿੱਲੀ : ਇਜ਼ਰਾਈਲ-ਈਰਾਨ ਟਕਰਾਅ ਦੇ ਵਿਚਕਾਰ ਏਅਰ ਇੰਡੀਆ ਦੀ ਉਡਾਣ ਰਾਹੀਂ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਦੁਬਈ ਤੋਂ 149 ਯਾਤਰੀ ਪੁੱਜੇ। ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ, “ਏਅਰ ਇੰਡੀਆ ਫਲਾਈਟ ’ਤੇ ਦੁਬਈ ’ਚ ਫਸੇ ਯਾਤਰੀਆਂ ਦਾ ਵਾਪਸੀ ’ਤੇ ਸਵਾਗਤ ਕਰਦੇ ਹਾਂ, ਜੋ ਦਿੱਲੀ ਹਵਾਈ ਅੱਡੇ ’ਤੇ ਭਾਰਤੀ ਸਮੇਂ ਅਨੁਸਾਰ 10:58 ਵਜੇ ਉੱਤਰੀ। ਇਹ ਮੱਧ ਪੂਰਬ ਵਿੱਚ ਚੱਲ ਰਹੇ ਅਣਸੁਖਾਵੇਂ ਹਾਲਾਤ ਦੇ ਵਿਚਕਾਰ ਯਾਤਰੀਆਂ ਦੀ ਘਰ ਵਾਪਸੀ ਲਈ ਕਿਸੇ ਭਾਰਤੀ ਕੰਪਨੀ ਦੁਆਰਾ ਚਲਾਈ ਗਈ ਪਹਿਲੀ ਉਡਾਣ ਹੈ। ਬੁਲਾਰੇ ਨੇ ਦੱਸਿਆ ਕਿ ਸਾਡਾ ਅਪਰੇਸ਼ਨ ਕੰਟਰੋਲ ਸੈਂਟਰ ਅਤੇ ਸਹਾਇਕ ਟੀਮਾਂ ਅਸਧਾਰਨ ਹਾਲਾਤ ਵਿੱਚ ਇਹਨਾਂ ਉਡਾਣਾਂ ਦੀ ਸਹੂਲਤ ਲਈ ਚੌਵੀ ਘੰਟੇ ਕੰਮ ਕਰ ਰਹੀਆਂ ਹਨ, ਜਿਸ ਵਿੱਚ ਸਾਰੀ ਪ੍ਰਕਿਰਿਆ ਦੌਰਾਨ ਨਿਰਵਿਘਨ ਤਾਲਮੇਲ ਯਕੀਨੀ ਬਣਾਇਆ ਜਾ ਰਿਹਾ ਹੈ।
ਪਤੀ ਵੱਲੋਂ ਪਤਨੀ ਦੀ ਗੋਲੀ ਮਾਰ ਕੇ ਹੱਤਿਆ
ਝੱਜਰ : ਪਿੰਡ ਬਿਰਧਾਨਾ ਵਿੱਚ ਇੱਕ ਮਹਿਲਾ ਦੀ ਉਸ ਦੇ ਪਤੀ ਵੱਲੋਂ ਘਰ ਵਿੱਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਪਿੱਛੇ ਘਰੇਲੂ ਕਲੇਸ਼ ਕਾਰਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੁਲਜ਼ਮ ਸੰਜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ, ਜਦ ਕਿ ਪੁਲਸ ਨੇ ਉਸ ਨੂੰ ਕਾਬੂ ਕਰਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਏ ਸੀ ਪੀ ਅਨਿਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਘਰ ਪਹੁੰਚੀ ਸੀ। ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਅੰਜਲੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।



