ਮੋਦੀ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ

0
215

ਅਗਲੇ ਸਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਭਰ ਦੀਆਂ ਕਿਰਤੀ ਤੇ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਗੱਦੀਓਂ ਲਾਹੁਣ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਕੇਂਦਰੀ ਟਰੇਡ ਯੂਨੀਅਨਾਂ ਦੇ ਮੋਰਚੇ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੀਤੀ ਗਈ ਵਿਸ਼ਾਲ ਕਨਵੈਨਸ਼ਨ ਵਿੱਚ ਦੇਸ਼ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਤਾਨਾਸ਼ਾਹ ਮੋਦੀ ਸਰਕਾਰ ਨੂੰ ਸੱਤਾ ਤੋਂ ਬਦਖਲ ਕਰਨ ਲਈ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪੈਣ।
ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਕਿਸਾਨ ਆਗੂਆਂ ਜੁਗਿੰਦਰ ਸਿੰਘ ਉਗਰਾਹਾਂ, ਅਤੁਲ ਕੁਮਾਰ ਅਣਜਾਣ, ਅਸ਼ੋਕ ਧਾਵਲੇ, ਡਾ. ਸੁਨੀਲਮ, ਯੁੱਧਵੀਰ ਸਿੰਘ, ਦਰਸ਼ਨ ਪਾਲ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਅਮਰਜੀਤ ਕੌਰ (ਏਟਕ), ਤਪਨਸੇਨ (ਸੀਟੂ), ਅਸ਼ੋਕ ਸਿੰਘ (ਇੰਟਕ), ਹਰਭਜਨ ਸਿੰਘ (ਐੱਚ ਐੱਮ ਐਸ) ਅਤੇ ਮੇਧਾ ਪਾਟਕਰ ਨੇ ਕਿਰਤੀ ਲੋਕਾਂ ਦੇ ਭਾਰੇ ਇਕੱਠ ਨੂੰ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਸੱਤਾ ਅਤੇ ਕੁਝ ਰਾਜਾਂ ਵਿੱਚ ਰਾਜ ਕਰ ਰਹੀ ਭਾਜਪਾ ਮਜ਼ਦੂਰਾਂ, ਕਿਸਾਨਾਂ ਤੇ ਲੋਕਾਂ ਦੀ ਹੀ ਵਿਰੋਧੀ ਨਹੀਂ ਸਗੋਂ ਦੇਸ਼ ਦੇ ਹਿੱਤਾਂ ਦੀ ਵੀ ਵਿਰੋਧੀ ਹੈ। ਇਸ ਸਰਕਾਰ ਨੇ ਦੇਸ਼ ਦੀ ਆਰਥਕਤਾ ਨੂੰ ਤਬਾਹ ਕਰ ਦਿੱਤਾ ਹੈ। ਮਹਿੰਗਾਈ ਨੇ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਲ ਕੀਤਾ ਹੋਇਆ ਹੈ। ਕਿਸਾਨੀ ਜਿਨਸਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਵਾਅਦੇ ਤੋਂ ਸਰਕਾਰ ਮੁੱਕਰ ਗਈ ਹੈ। ਬੇਰੁਜ਼ਗਾਰੀ ਸਿਖਰਾਂ ਛੋਹ ਰਹੀ ਹੈ। ਪਬਲਿਕ ਸੈਕਟਰ ਦੇ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਨੂੰ ਕਾਰਪੋਰੇਟਾਂ ਨੂੰ ਔਣੇ-ਪੌਣੇ ਦਾਮਾਂ ਵਿੱਚ ਵੇਚਿਆ ਜਾ ਰਿਹਾ ਹੈ। ਸਰਕਾਰ ਦੀ ਸ਼ਹਿ ’ਤੇ ਫਿਰਕੂ ਤਾਕਤਾਂ ਤੇ ਗੁੰਡਾ ਗਰੋਹ ਦੰਗੇ ਭੜਕਾ ਕੇ ਫਿਰਕੂ ਸਦਭਾਵਨਾ ਨੂੰ ਅੱਗ ਲਾ ਰਹੇ ਹਨ ਤਾਂ ਜੋ ਫਿਰਕੂ ਧਰੁਵੀਕਰਨ ਕਰਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ। ਕਿਰਤੀਆਂ ਦੇ ਹੱਕਾਂ ਨੂੰ ਕੁਚਲਣ ਤੇ ਉਨ੍ਹਾਂ ਨੂੰ ਕਾਰਪੋਰੇਟਾਂ ਦੇ ਗੁਲਾਮ ਬਣਾਉਣ ਲਈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ।
ਤਾਨਾਸ਼ਾਹੀ ਸਰਕਾਰ ਵੱਲੋਂ ਫਿਰਕੂ ਪਾੜੇ ਪੈਦਾ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਭਟਕਾ ਕੇ ਤੇ ਨਫ਼ਰਤ ਫੈਲਾ ਕੇ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਜੋ ਫਿਰਕੂ ਧਰੁਵੀਕਰਨ ਕਰਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ।
ਕਨਵੈਨਸ਼ਨ ਵੱਲੋਂ ਦੇਸ਼ ਭਰ ਦੇ ਕਿਰਤੀਆਂ ਤੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਮਿਥੇ ਗਏ ਐਕਸ਼ਨ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਤੈਅ ਕੀਤੇ ਪ੍ਰੋਗਰਾਮ ਅਨੁਸਾਰ 3 ਅਕਤੂਬਰ ਨੂੰ ਲਖੀਮਪੁਰ ਖੇੜੀ ਵਿੱਚ 2021 ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਵੱਲੋਂ ਮਾਰੇ ਗਏ ਕਿਸਾਨਾਂ ਦੀ ਘਟਨਾ ਵਿਰੁੱਧ ਕਾਲਾ ਦਿਵਸ ਮਨਾ ਕੇ ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਜਾਵੇਗੀ। 26 ਨਵੰਬਰ ਤੋਂ 28 ਤੱਕ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਰਾਜ ਭਵਨਾਂ ਅੱਗੇ ਦਿਨ-ਰਾਤ ਦੇ ਧਰਨੇ ਦੇ ਕੇ ਮਹਾਂ ਪੜਾਅ ਅੰਦੋਲਨ ਕੀਤਾ ਜਾਵੇਗਾ। ਦਸੰਬਰ 2023 ਤੇ ਜਨਵਰੀ 2024 ਵਿੱਚ ਸਾਰੇ ਦੇਸ਼ ਅੰਦਰ ਹੇਠਲੇ ਪੱਧਰ ਤੱਕ ਵਿਰੋਧ ਜਲਸੇ, ਜਲੂਸ ਤੇ ਧਰਨੇ ਜਥੇਬੰਦ ਕੀਤੇ ਜਾਣਗੇ।
ਬੁਲਾਰਿਆਂ ਨੇ ਕਿਹਾ ਕਿ ਕਿਰਤੀ ਤੇ ਕਿਸਾਨਾਂ ਦੇ 13 ਮਹੀਨੇ ਚੱਲੇ ਕਿਸਾਨ ਅੰਦੋਲਨ ਨੇ ਇਸ ਫਾਸ਼ੀ ਸਰਕਾਰ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਦਿੱਤਾ ਸੀ। ਆਉਣ ਵਾਲੇ ਸਾਂਝੇ ਅੰਦੋਲਨ ਵਿੱਚ ਜਦੋਂ ਕਿਸਾਨ ਤੇ ਮਜ਼ਦੂਰ ਇਕਮੁੱਠ ਹੋ ਕੇ ਮੈਦਾਨ ਵਿੱਚ ਨਿੱਤਰਨਗੇ ਤਾਂ ਇਸ ਸਰਕਾਰ ਨੂੰ ਸਮੁੰਦਰ ਵਿੱਚ ਡੁਬੋ ਕੇ ਦਮ ਲੈਣਗੇ।
ਕਨਵੈਨਸ਼ਨ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ, ਕਿਸਾਨ ਸਭਾ ਦੇ ਪ੍ਰਧਾਨ ਬਲਕਰਨ ਬਰਾੜ ਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ ਤੇ ਸਤਨਾਮ ਸਿੰਘ ਬਹਿਰੂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਸ਼ਾਮਲ ਸਨ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here