ਨਵੀਂ ਦਿੱਲੀ : ਕੇਂਦਰ ਸਰਕਾਰ ਨੇ ‘ਇੰਡੀਆ ਸਮਾਰਟ ਸਿਟੀ ਪੁਰਸਕਾਰ 2022’ ਦਾ ਐਲਾਨ ਕੀਤਾ। ਇੰਦੌਰ ਨੇ ‘ਬੈੱਸਟ ਨੈਸ਼ਨਲ ਸਮਾਰਟ ਸਿਟੀ’ ਦਾ ਐਵਾਰਡ ਜਿੱਤਿਆ। ਸੂਰਤ ਅਤੇ ਆਗਰਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਸਮਾਰਟ ਸਿਟੀ ਮਿਸ਼ਨ ਨੂੰ ਲਾਗੂ ਕਰਨ ਦੇ ਮਾਮਲੇ ’ਚ ਮੱਧ ਪ੍ਰਦੇਸ਼ ਨੇ ‘ਸਭ ਤੋਂ ਚੰਗਾ ਸੂਬਾ’ ਦਾ ਪੁਰਸਕਾਰ ਜਿੱਤਿਆ, ਜਦਕਿ ਤਾਮਿਲਨਾਡੂ ਨੇ ਦੂਜਾ ਸਥਾਨ ਹਾਸਲ ਕੀਤਾ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸੰਯੁਕਤ ਰੂਪ ਨਾਲ ਤੀਜੇ ਸਥਾਨ ’ਤੇ ਰਹੇ। ਕੇਂਦਰ ਸ਼ਾਸਤ ਪ੍ਰਦੇਸ਼ ਸ਼੍ਰੇਣੀ ’ਚ ਚੰਡੀਗੜ੍ਹ ਨੂੰ ਨੰਬਰ ਇੱਕ ਸਥਾਨ ਮਿਲਿਆ।
ਦੇਸ਼ ਦੇ 100 ਸਮਾਰਟ ਸ਼ਹਿਰਾਂ ’ਚ ਵੀ ਇੰਦੌਰ ਅੱਵਲ ਰਿਹਾ। ਜ਼ਿਕਰਯੋਗ ਹੈ ਕਿ ਸਵੱਛਤਾ ਸਰਵੇਖਣ ’ਚ ਵੀ ਇੰਦੌਰ ਦਾ ਜਲਵਾ ਕਾਇਮ ਹੈ। ਪਿਛਲੇ ਸਾਲ ਅਕਤੂਬਰ ’ਚ ਐਲਾਨੇ ਸਵੱਛਤਾ ਸਰਵੇ ’ਚ ਇੰਦੌਰ ਨੇ ਲਗਾਤਾਰ ਛੇਵੀਂ ਵਾਰ ਭਾਰਤ ਦੇ ਸਭ ਤੋਂ ਸਵੱਛ ਸ਼ਹਿਰ ਹੋਣ ਦਾ ਤਮਗਾ ਹਾਸਲ ਕੀਤਾ ਸੀ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮਾਮਲੇ ਦੇ ਮੰਤਰਾਲੇ ਨੇ ਦੱਸਿਆ ਕਿ ‘ਇੰਡੀਆ ਸਮਾਰਟ ਸਿਟੀ ਪੁਰਸਕਾਰ 2022’ ਦੇ ਤਹਿਤ ਵੱਖ-ਵੱਖ ਵਰਗਾਂ ’ਚ ਕੁੱਲ 66 ਵਿਜੇਤਾਵਾਂ ਦਾ ਐਲਾਨ ਕੀਤਾ ਗਿਆ। ਸਾਰੇ ਵਿਜੇਤਾਵਾਂ ਨੂੰ ਪੁਰਸਕਾਰ 27 ਸਤੰਬਰ ਨੂੰ ਇੰਦੌਰ ’ਚ ਇੱਕ ਸਮਾਰੋਹ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਪ੍ਰਦਾਨ ਕੀਤੇ ਜਾਣਗੇ।




