ਬੈਂਗਲੁਰੂ : ਬੈਂਗਲੁਰੂ ਦੇ ਇੱਕ ਵਿਅਕਤੀ ਨੇ ਇੱਕ ਖਾਸ ਨਸਲ ਦਾ ਕੁੱਤਾ ਖਰਦਿਆ ਹੈ, ਜਿਸ ਦੀ ਕੀਮਤ ਸੁਣ ਕੇ ਯਕੀਨ ਨਹੀਂ ਆ ਰਿਹਾ। ਬੈਂਗਲੁਰੂ ਦੇ ਇੱਕ ਡਾਗ ਬਰੀਡਰ ਨੇ ਕੁਝ ਦਿਨ ਪਹਿਲਾ ਇੱਕ ਕੋਕੇਸ਼ੀਅਨ ਸ਼ੈਫਰਡ ਕੁੱਤਾ ਖਰਦਿਆ, ਇਸ ਦੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਵਿਅਕਤੀ ਦਾ ਨਾਂਅ ਸਤੀਸ਼ ਦੱਸਿਆ ਜਾ ਰਿਹਾ ਹੈ। ਉਹ ਇੱਕ ਡਾਗ ਬਰੀਡਰ ਹੈ। ਉਸ ਨੇ ਹੈਦਰਾਬਾਦ ਦੇ ਇੱਕ ਬਰੀਡਰ ਤੋਂ ਕੋਕੇਸ਼ੀਅਨ ਨਸਲ ਦਾ ਇਹ ਖਾਸ ਕੁੱਤਾ ਖਰੀਦਿਆ ਹੈ। ਖ਼ਬਰਾ ਮੁਤਾਬਕ ‘ਕੈਡਬਾਮ ਹੈਦਰ’ ਕੁੱਤੇ ਦੀ ਉਮਰ 1.5 ਸਾਲ ਦੀ ਹੈ। ਉਸ ਨੇ ਤਿ੍ਰਵੇਂਦਰਮ ਅਤੇ ਇੱਕ ਦੂਜੇ ਡਾਗ ਸ਼ੋਅ ’ਚ ਵੀ ਹਿੱਸਾ ਲਿਆ ਸੀ। ਖਾਸ ਗੱਲ ਇਹ ਹੈ ਕਿ ਉਸ ਨੇ ਇਸ ਮੁਕਾਬਲੇ ’ਚ ਕਈ ਤਮਗੇ ਜਿੱਤੇ ਸਨ। ਕੁੱਤੇ ਦੇ ਮਾਲਕ ਸਤੀਸ਼ ਦਾ ਕਹਿਣਾ ਹੈ ਕਿ ‘ਕੈਡਬਾਮ ਹੈਦਰ’ ਸਾਈਜ਼ ’ਚ ਕਾਫ਼ੀ ਵੱਡਾ ਹੈ। ਇਹ ਕਾਫ਼ੀ ਮਿਲਣਸਾਰ ਕੁੱਤਾ ਹੈ। ਉਹ ਅਰਾਮ ਨਾਲ ਘਰ ’ਚ ਰਹਿੰਦਾ ਹੈ। 2016 ’ਚ ਉਹ ਭਾਰਤ ਦੇ ਪਹਿਲੇ ਵਿਅਕਤੀ ਸਨ ਜਿਨ੍ਹਾ ਕੋਲ ਕੋਰੀਆਈ ਮਸਟਿਫ ਨਸਲ ਦਾ ਕੁੱਤਾ ਸੀ। ਇਸ ਕੁੱਤੇ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸ ਨੇ ਇਹ ਕੋਰੀਆਈ ਨਸਲ ਵਾਲਾ ਕੁੱਤਾ ਚੀਨ ਤੋਂ ਮੰਗਵਾਇਆ ਸੀ। ਕੋਕੇਸ਼ੀਅਨ ਸੈਫਰਡ ਨੂੰ ਇੱਕ ਗਾਰਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਹ ਕੁੱਤਾ ਸੁਭਾਅ ਤੋਂ ਕਾਫ਼ੀ ਨਿਡਰ ਹੁੰਦਾ ਹੈ। ਇਹ ਨਸਲ ਖਾਸ ਤੌਰ ’ਤੇ ਜਾਰਜੀਆ, ਅਰਮਾਨੀਆ, ਅਜਰਬਾਈਜਾਨ, ਓਸੇਟੀਆ, ਦਾਗਿਸਤਾਨ ਅਤੇ ਰੂਸ ਦੇ ਕੁਝ ਹਿੱਸਿਆ ’ਚ ਪਾਈ ਜਾਂਦੀ ਹੈ।





