ਗੁਰਦਾਸਪੁਰ (ਦਿਨੇਸ਼ ਕੁਮਾਰ)
ਬੀਤੀ ਦੇਰ ਰਾਤ ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਜਾ ਰਹੇ ਤੇਜ਼ ਰਫਤਾਰ ਟਰਾਲਾ ਚਾਲਕ ਨੇ ਪਿੰਡ ਚਾਵਾ ਨੇੜੇ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ ਤਿੰਨ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਟਰਾਲੇ ਹੇਠਾਂ ਦੱਬੇ ਲੋਕਾਂ ਨੂੰ ਕੱਢਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪੁਰਾਣਾ ਸ਼ਾਲਾ ਦੇ ਮੁਖੀ, ਐੱਸ ਡੀ ਐੱਮ ਗੁਰਦਾਸਪੁਰ ਅਮਨਦੀਪ ਕੌਰ ਅਤੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਹਾਦਸੇ ’ਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼ਨੀਵਾਰ ਦੇਰ ਰਾਤ ਇਹ ਟਰਾਲਾ ਗੁਰਦਾਸਪੁਰ ਤੋਂ ਮੁਕੇਰੀਆਂ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਚਾਵਾ ਮੋੜ ਲਮੀਨ ਕਰਾਲ ਚੌਕ ਕੋਲ ਪਹੁੰਚਿਆ ਤਾਂ ਚਾਲਕ ਟਰਾਲੇ ਤੋਂ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਸੜਕ ਕਿਨਾਰੇ ਖੜੇ ਆਈਸਕ੍ਰੀਮ, ਪਲਾਸਟਿਕ ਦਾ ਸਮਾਨ ਅਤੇ ਗੋਲਗੱਪੇ ਦੀਆਂ ਰੇਹੜੀਆਂ ਨੂੰ ਕੁਚਲ ਕੇ ਬੇਕਰੀ ਦੀ ਦੁਕਾਨ ਅੰਦਰ ਦਾਖਲ ਹੋ ਗਿਆ। ਇਸ ਮੌਕੇ ਰੇਹੜੀਆਂ ’ਤੇ ਲੋਕ ਖਾਣ-ਪੀਣ ਦਾ ਸਮਾਨ ਖਰੀਦ ਰਹੇ ਸਨ। ਇਸ ਸੰਬੰਧੀ ਥਾਣਾ ਸਦਰ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਅਜੈ ਕੁਮਾਰ ਵਾਸੀ ਲਮੀਨ ਕਰਾਲ, ਕਿਰਨ ਦਾਸ ਵਾਸੀ ਕਾਬੜਾ ਮਗਰਾਂ, ਤਹਿਸੀਲ ਆਮਟ (ਰਾਜਸਥਾਨ), ਜੋ ਕਿ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਸੀ, ਸੁਲੇਮਾਨ ਵਾਸੀ ਮਾਣਕਪੁਰ ਜਿਲ੍ਹਾ ਬਦਾਯੂੰ (ਉੱਤਰ ਪ੍ਰਦੇਸ), ਜੋ ਕਿ ਪਲਾਸਟਿਕ ਦਾ ਸਮਾਨ ਵੇਚਣ ਦਾ ਕੰਮ ਕਰਦਾ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੋਲਗੱਪੇ ਵੇਚਣ ਵਾਲਾ ਸੁਰਿੰਦਰ, ਬਿਹਾਰ ਦਾ ਰਹਿਣ ਵਾਲਾ ਸ਼ਿਕਨ ਕੁਮਾਰ, ਲਖਵਿੰਦਰ ਸਿੰਘ ਵਾਸੀ ਨੌਸਾਰਾ ਬਹਾਦਰ ਫੇਟ ਵੱਜਣ ਕਾਰਨ ਜ਼ਖਮੀ ਹੋ ਗਏ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾ ਦੱਸਿਆ ਕਿ ਇਸ ਦੌਰਾਨ ਦੋ ਐਕਟਿਵਾ ਵੀ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਟਿੱਪਰ ਨੌਸ਼ਹਿਰਾ ਵਾਸੀ ਗੋਪਾਲ ਸਿੰਘ ਦੀ ਦੁਕਾਨ ਦੇ ਅੰਦਰ ਵੜ ਗਿਆ, ਜਿਸ ਕਾਰਨ ਉਸ ਦੀ ਦੁਕਾਨ ਦਾ ਵੀ ਨੁਕਸਾਨ ਹੋਇਆ ਹੈ। ਇਸ ਸੰਬੰਧੀ ਪੁਲਸ ਵੱਲੋਂ ਗੋਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।





