ਹੈਦਰਾਬਾਦ (ਗਿਆਨ ਸੈਦਪੁਰੀ)-ਹਰ ਦਲਿਤ ਪਰਵਾਰ ਨੂੰ ਪੰਜ ਏਕੜ ਜ਼ਮੀਨ ਪ੍ਰਾਪਤ ਕਰਵਾਉਣ, ਡਾਕਟਰ ਅੰਬੇਡਕਰ ਨੂੰ ਮਹਾਨ ਇਨਕਲਾਬੀ ਮੰਨਣ, ਇਕ ਕਰੋੜ ਦੀ ਦਸਤਖਤੀ ਮੁਹਿੰਮ ਚਲਾਉਣ, ਮੋਦੀ ਸਰਕਾਰ ਨੂੰ ਗੱਦੀਓਂ ਲਾਹੁਣ ਅਤੇ ਦਿੱਲੀ ਵਿੱਚ ਵੱਡਾ ਮਾਰਚ ਕਰਨ ਦੇ ਫੈਸਲੇ ਨੂੰ ਸਫਲ ਬਣਾਉਣ ਦੇ ਅਹਿਦ ਨਾਲ ਦੋ ਦਿਨ ਦੀ ਨੈਸ਼ਨਲ ਦਲਿਤ ਕਨਵੈਨਸ਼ਨ ਸਫਲਤਾਪੂਰਵਕ ਸਮਾਪਤ ਹੋ ਗਈ। ਆਖਰੀ ਦਿਨ ਕਨਵੈਨਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਖਦਿੳ ਥੋਰਟ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਰਾਮ ਚੰਦਰਾ ਡੋਮ, ਪ੍ਰੋਫੈਸਰ ਕਿ੍ਰਸ਼ਨਾ, ਵਿਕਰਮ ਸਿੰਘ, ਰਾਮਾ ਮੂਰਤੀ ਸਤਿਆਦੇਵ ਅਤੇ ਦੇਵੀ ਕੁਮਾਰੀ ਸਰਹਾਲੀ ਕਲਾਂ ਸੁਸ਼ੋਭਿਤ ਹੋਏ।
ਦਲਿਤਾਂ ਨੂੰ ਪੂਰੇ ਦੇਸ਼ ਵਿੱਚ ਦਰਪੇਸ਼ ਸਮੱਸਿਆਵਾਂ ਦਾ ਨਕਸ਼ਾ ਖਿੱਚਣ ਵਾਲੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋਫੈਸਰ ਸੁਖਦਿਓ ਥੋਰਟ ਨੇ ਕਿਹਾ ਕਿ ਦੇਸ਼ ਦੇ ਹੋਰ ਗਰੀਬਾਂ ਨਾਲੋਂ ਦਲਿਤ ਗਰੀਬਾਂ ਦੀਆਂ ਸਮੱਸਿਆਵਾਂ ਵੱਖਰੀਆਂ ਹਨ। ਆਮ ਤੌਰ ’ਤੇ ਦਲਿਤ ਭੂਮੀਹੀਣ ਹਨ, ਕੋਈ ਚੰਗਾ ਵਪਾਰਕ ਕੰਮ ਨਹੀਂ ਹੈ। ਇਸ ਵਰਗ ਦੀ ਇਹੀ ਸਥਿਤੀ ਸਦੀਆਂ ਤੋਂ ਤੁਰੀ ਆ ਰਹੀ ਹੈ। ਇਸ ਸਥਿਤੀ ਨੂੰ ਸੁਧਾਰਨ ਲਈ ਜ਼ਮੀਨਾਂ ਦੇ ਮਾਲਕ ਬਣਾਉਣਾ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਦੇਸ਼ ਵਿੱਚ 80 ਫੀਸਦੀ ਨੌਕਰੀਆਂ ਪ੍ਰਾਈਵੇਟ ਹਨ। ਇਸ ਲਈ ਇਸ ਖੇਤਰ ਵਿੱਚ ਦਲਿਤ ਵਰਗ ਲਈ ਰਾਖਵਾਂਕਰਨ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾ ਦਲਿਤ ਸਮਾਜ ਦੀ ਤਰਸਯੋਗ ਹਾਲਤ ਦਾ ਵਿਸਥਾਰ ਨਾਲ ਵਰਣਨ ਕਰਦਿਆ ਕਿਹਾ ਕਿ ਨੱਬਵਿਆਂ ਤੋਂ ਕਮਿਊਨਿਸਟ ਪਾਰਟੀਆਂ ਨੇ ਇਸ ਗੱਲ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾ ਕਿਹਾ ਕਿ ਸਰਦੇ-ਪੁੱਜਦੇ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਗਰੀਬਾਂ ਨੂੰ ਤਰਸ ਨਹੀ, ਸਗੋਂ ਤਾਕਤ ਚਾਹੀਦੀ ਹੁੰਦੀ ਹੈ।
ਕਨਵੈਨਸ਼ਨ ਨੂੰ ਸਾਬਕਾ ਐੱਮ ਪੀ ਕਾਮਰੇਡ ਅਜੀਤ ਪਾਸਾ ਨੇ ਆਪਣੇ ਸੰਬੋਧਨ ਵਿੱਚ ਹੋਰ ਗੱਲਾਂ ਤੋਂ ਇਲਾਵਾ ਛੂਤਛਾਤ ਦਾ ਮੁੱਦਾ ਵੀ ਛੋਹਿਆ। ਉਨ੍ਹਾ ਕਿਹਾ ਕਿ ਕਹਿਣ ਲਈ ਇਹ ਖਤਮ ਹੈ, ਪਰ ਕਿਸੇ ਨਾ ਕਿਸੇ ਰੂਪ ਵਿੱਚ ਇਹ ਵਰਤਾਰਾ ਜਾਰੀ ਹੈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਦਲਿਤ ਵਰਗ ਨਾਲ ਹੁੰਦੇ ਆ ਰਹੇ ਅੱਤਿਆਚਾਰਾਂ ਵਿਰੁੱਧ ਲੜਨ ਵਾਲੇ ਆਗੂਆਂ ਨੂੰ ਸਲਾਮ ਕਰਦਿਆਂ ਹੋਰ ਵੱਡੀ ਲੜਾਈ ਲੜਨ ਦਾ ਜ਼ੋਰਦਾਰ ਸੱਦਾ ਦਿੱਤਾ। ਉਹਨਾ ਕਿਹਾ ਕਿ ਦਲਿਤ ਸਮਾਜ ਦੀਆ ਮੰਗਾਂ ਨੂੰ ਕੋਈ ਵੀ ਸਿਆਸੀ ਪਾਰਟੀ ਨਜ਼ਰਅੰਦਾਜ਼ ਨਹੀਂ ਕਰ ਸਕੇਗੀ। ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਵੀ ਬੈਂਕਟ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹੈਦਰਾਬਾਦ ਕਨਵੈਨਸ਼ਨ ਦਲਿਤ ਸਮਾਜ ਦੀ ਬੰਦਖਲਾਸੀ ਦੀ ਲੜਾਈ ਦਾ ਸਾਂਝਾ ਮੰਚ ਬਣਿਆ ਹੈ। ਇਸ ਕਨਵੈਨਸ਼ਨ ਵਿੱਚ 24 ਰਾਜ, 87 ਜਥੇਬੰਦੀਆਂ ਤੇ 37 ਔਰਤਾਂ ਨੇ ਹਿੱਸਾ ਲਿਆ। ਉਨ੍ਹਾ ਮਾਣ ਮਹਿਸੂਸ ਕਰਦਿਆ ਕਿਹਾ ਕਿ ਇੱਥੇ ਮਿਲ ਬੈਠੇ ਲੋਕ ਸਰਫ ਥਿੰਕਰ ਹੀ ਨਹੀਂ, ਸਗੋਂ ਲੜਾਕੇ ਵੀ ਹਨ। ਉਨ੍ਹਾ ਕਿਹਾ ਕਿ ਮਜ਼ਦੂਰ ਅਤੇ ਦਲਿਤ ਮੰਗਾਂ ਸੰਬੰਧੀ ਇੱਕ ਕਰੋੜ ਦਸਤਖਤ ਕਰਾਉਣ ਦੀ ਮੁਹਿੰਮ ਚਲਾਈ ਜਾਵੇਗੀ। ਚਾਰ ਦਸੰਬਰ ਨੂੰ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਕਨਵੈਨਸ਼ਨ ਨੂੰ ਬਾਲਾ ਮਲੇਸ ਤਿਲੰਗਾਨਾ, ਅਵਤਾਰ ਸਿੰਘ ਰਾਮਗੜ੍ਹੀਆ ਰਾਜਸਥਾਨ, ਡਾਕਟਰ ਮਹੇਸ ਕਰਨਾਟਕ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਵਿੱਚ ਕੇਰਲ ਸਰਕਾਰ ਦੇ ਮੰਤਰੀ ਰਾਧਾ ਕਿ੍ਰਸ਼ਨਨ, ਬਿਹਾਰ ਦੇ ਵਿਧਾਇਕ ਮਨੋਜ ਮਾਜਿਲ, ਕੇਰਲ ਸਰਕਾਰ ਦੇ ਵਿਧਾਇਕ ਸਾਤਾ ਕੁਮਾਰੀ ਆਦਿ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਦੇ ਅੰਤ ਵਿੱਚ ਇੱਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿੱਚ ਗੁਲਜ਼ਾਰ ਸਿੰਘ ਗੋਰੀਆ, ਵੀ ਐੱਸ ਨਿਰਮਲ ਤੇ ਐੱਮ ਲਕਸ਼ਮਈਆ ਆਦਿ ਸ਼ਾਮਲ ਹਨ।





