ਕੋਟਾ : ਰਾਜਸਥਾਨ ਦਾ ਕੋਟਾ ਕੋਚਿੰਗ ਸੈਂਟਰਾਂ ਦਾ ਗੜ੍ਹ ਹੈ, ਪਰ ਹੁਣ ਲੱਗਦਾ ਹੈ ਇਹ ਤਿਆਰੀ ਕਰ ਰਹੇ ਬੱਚਿਆਂ ਦਾ ਖੁਦਕੁਸ਼ੀ ਸੈਂਟਰ ਬਣ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ਤੋਂ ਬੱਚੇ ਇੱਥੇ ਕੋਚਿੰਗ ਲੈਣ ਆਉਂਦੇ ਹਨ, ਅੱਖਾਂ ’ਚ ਡਾਕਟਰ, ਇੰਜੀਨੀਅਰ ਬਣਨ ਦੇ ਸੁਪਨੇ ਹੁੰਦੇ ਹਨ, ਪਰ ਪਰਵਾਰ ਦੀਆਂ ਉਮੀਦਾਂ, ਕੋਚਿੰਗ ਸੈਂਟਰਾਂ ਦੀ ਭਾਰੀ ਫੀਸ ਅਤੇ ਕਈ ਮਾਮਲਿਆਂ ’ਚ ਇਕੱਲੇਪਨ ਦਾ ਦਰਦ ਵਿਦਿਆਰਥੀਆਂ ਨੂੰ ਅੰਦਰ ਤੱਕ ਏਨਾ ਜ਼ਿਆਦਾ ਤੋੜ ਦਿੰਦਾ ਹੈ ਕਿ ਉਹ ਖੁਦਕੁਸ਼ੀ ਤੱਕ ਕਰ ਲੈਂਦੇ ਹਨ। ਇਸ ਸਾਲ ਅਗਸਤ ਤੱਕ 23 ਵਿਦਿਆਰਥੀਆਂ ਨੇ ਖੁਦਕਸ਼ੀ ਕਰ ਲਈ। ਇਕੱਲੇ ਕੁੰਡਲੀ ’ਚ 8 ਵਿਦਿਆਰਥੀਆਂ ਨੇ ਆਪਣੀ ਜਾਨ ਦਿੱਤੀ ਹੈ। ਕੋਟਾ ’ਚ ਇਸ ਸਮੇਂ ਕੁੱਲ 4000 ਦੇ ਕਰੀਬ ਹੋਸਟਲ ਹਨ, 40 ਹਜ਼ਾਰ ਤੋਂ ਜਿਆਦਾ ਪੀ ਜੀ ਚੱਲ ਰਹੇ ਹਨ ਅਤੇ ਦੋ ਲੱਖ ਦੇ ਕਰੀਬ ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਇੱਥੇ ਭਵਿੱਖ ਬਣਾਉਣ ਲਈ ਲਗਾਤਾਰ ਆ ਰਹੇ ਹਨ, ਪਰ ਦੇਸ਼ ਦਾ ਇਹ ਭਵਿੱਖ ਇਸ ਸਮੇਂ ਪ੍ਰੇਸ਼ਾਨੀ ’ਚ ਚੱਲ ਰਿਹਾ ਹੈ, ਅੱਖਾਂ ’ਚ ਸੁਪਨੇ ਹੋਣ ਦੇ ਬਾਵਜੂਦ ਉਦਾਸੀ ਉਨ੍ਹਾਂ ਨੂੰ ਜਕੜ ਰਹੀ ਹੈ। ਐਤਵਾਰ ਚਾਰ ਘੰਟਿਆਂ ਦੇ ਅੰਦਰ ਦੋ ਵਿਦਿਆਰਥੀਆਂ ਨੇ ਆਪਣੀ ਜਾਨ ਲੈ ਲਈ। ਪੁਲਸ ਮੁਤਾਬਕ ਅਵਿਸਕਾਰ ਸੰਭਾਜੀ ਕਾਸਲੇ (17) ਨੇ ਐਤਵਾਰ ਬਾਅਦ ਦੁਪਹਿਰ ਕਰੀਬ 3.15 ਵਜੇ ਜਵਾਹਰ ਨਗਰ ਸਥਿਤ ਆਪਣੇ ਕੋਚਿੰਗ ਇੰਸਟੀਚਿਊਟ ਦੀ ਇਮਾਰਤ ਦੀ ਛੇਵੀਂ ਮੰਜਲ ਤੋਂ ਛਾਲ ਮਾਰ ਦਿੱਤੀ। ਕਾਸਲੇ ਨੇ ਕੋਚਿੰਗ ਇੰਸਟੀਚਿਊਟ ਦੀ ਤੀਜੀ ਮੰਜਲ ’ਤੇ ਕੁਝ ਮਿੰਟ ਪਹਿਲਾਂ ਹੀ ਪ੍ਰੀਖਿਆ ਦਿੱਤੀ ਸੀ। ਪੁਲਸ ਅਨੁਸਾਰ ਕਾਸਲੇ ਦੀ ਮੌਤ ਦੇ ਚਾਰ ਘੰਟੇ ਬਾਅਦ ਨੀਟ ਦੀ ਤਿਆਰੀ ਕਰ ਰਹੇ ਆਦਰਸ਼ ਰਾਜ (18) ਨੇ ਸ਼ਾਮ ਕਰੀਬ 7 ਵਜੇ ਕੁਨਹੜੀ ਥਾਣਾ ਖੇਤਰ ’ਚ ਆਪਣੇ ਕਿਰਾਏ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਵਾਂ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਵਰਗੇ ਸਖਤ ਕਦਮ ਚੁੱਕਣ ਦਾ ਕਾਰਨ ਕੋਚਿੰਗ ਸੰਸਥਾਵਾਂ ਵੱਲੋਂ ਲਏ ਜਾਂਦੇ ਰੈਗੂਲਰ ਇਮਤਿਹਾਨਾਂ ਦੌਰਾਨ ਘੱਟ ਨੰਬਰ ਸਨ। ਕੋਟਾ ਜ਼ਿਲ੍ਹੇ ਦੇ ਕੁਲੈਕਟਰ ਓ ਪੀ ਬੁਨਕਰ ਨੇ ਬੱਚਿਆਂ ਦੀ ਖੁਦਕੁਸ਼ੀ ਨੂੰ ਦੇਖਦੇ ਹੋਏ ਤਤਕਾਲ ਇੱਕ ਐਡਵਾਈਜ਼ਰੀ ਜਾਰੀ ਕੀਤੀ, ਜਿਸ ’ਚ ਸਾਰੀਆਂ ਕੋਚਿੰਗ ਸੰਸਥਾਵਾਂ ਨੂੰ ਅਗਲੇ ਦੋ ਮਹੀਨੇ ਤੱਕ ਕੋਚਿੰਗ ’ਚ ਟੈਸਟ ਲੈਣ ’ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਇਸ ਕੋਸ਼ਿਸ਼ ’ਚ ਹੈ ਕਿ ਤਿਆਰੀ ਕਰ ਰਹੇ ਬੱਚੇ ਤਣਾਅ ਮੁਕਤ ਰਹਿਣ, ਪਰ ਮਾਮਲੇ ਲਗਤਾਰ ਵਧ ਰਹੇ ਹਨ। ਪੁਲਸ ਨੇ ਆਪਣੀ ਜਾਂਚ ਤੋਂ ਬਾਅਦ ਦੱਸਿਆ ਕਿ ਕੋਟਾ ’ਚ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਵਰਗੇ ਹਾਲਾਤ ਨਹੀਂ ਹਨ। ਇੱਥੇ ਵੀ ਵਿਦਿਆਰਥੀ ਪਰਵਾਰ ਦੀਆਂ ਉਮੀਦਾਂ ਤੋਂ ਪ੍ਰੇਸ਼ਾਨ, ਡਿਪਰੈਸ਼ਨ ਦਾ ਸ਼ਿਕਾਰ ਹਨ ਅਤੇ ਕਈ ਵਾਰ ਪੜ੍ਹਾਈ ’ਚ ਪਿੱਛੇ ਰਹਿਣ ਦਾ ਡਰ ਵੀ ਉਨ੍ਹਾਂ ਨੂੰ ਸਤਾਉਂਦਾ ਰਹਿੰਦਾ ਹੈ। ਇਸ ਦੇ ਨਾਲ ਘਰ ਦੀ ਯਾਦ ਆਉਣਾ ਅਤੇ ਰਿਲੇਸ਼ਨਸ਼ਿਪ ’ਚ ਚੱਲ ਰਹੀਆਂ ਪ੍ਰੇਸ਼ਾਨੀਆਂ ਵੀ ਉਨ੍ਹਾਂ ਦੇ ਤਣਾਅ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ। ਪੁਲਸ ਨੇ ਕਿਹਾ ਕਿ ਰਿਫੰਡ, ਸਕਿਉਰਿਟੀ ਡਿਪਾਜ਼ਿਟ ਵਰਗੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਵੀ ਫੋਨ ਆਉਂਦੇ ਰਹਿੰਦੇ ਹਨ।