ਪੈਰਿਸ : ਫਰਾਂਸ ਦੇ ਸਰਕਾਰੀ ਸਕੂਲਾਂ ’ਚ ਲੜਕੀਆਂ ਦੇ ਅਬਾਯਾ ਪਹਿਨਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਫਰਾਂਸ ਦੇ ਸਿੱਖਿਆ ਮੰਤਰੀ ਗੈਬਰੀਅਲ ਏਟਾਲ ਨੇ ਇੱਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ’ਚ ਅਬਾਯਾ ਨਹੀਂ ਪਹਿਨਿਆ ਜਾਵੇਗਾ। ਉਨ੍ਹਾ ਕਿਹਾ ਕਿ ਜਦ ਤੁਸੀਂ ਕਲਾਸਰੂਮ ’ਚ ਜਾਂਦੇ ਹੋ ਤਾਂ ਤੁਹਾਡੇ ਧਾਰਮਕ ਪਛਾਣ ਕੱਪਣੇ ਦੇਖ ਕੇ ਤੈਅ ਨਹੀਂ ਹੋਣਾ ਚਾਹੀਦਾ। ਇਹ ਫੈਸਲਾ ਫਰਾਂਸੀਸੀ ਸਕੂਲਾਂ ’ਚ ਅਬਾਯਾ ਪਹਿਨਣ ਦੀ ਬਹਿਸ ਤੋਂ ਬਾਅਦ ਆਇਆ ਹੈ, ਜਿੱਥੇ ਮਹਿਲਾਵਾਂ ਦੇ ਹਿਜਾਬ ਪਹਿਨਣ ’ਤੇ ਲੰਮੇ ਸਮੇਂ ਤੋਂ ਪਾਬੰਦੀ ਲੱਗੀ ਹੋਈ ਹੈ। ਫਰਾਂਸ ਨੇ 2004 ’ਚ ਸਕੂਲਾਂ ’ਚ ਹੈੱਡ ਸਕਾਰਫ ਪਹਿਨਣ ’ਤੇ ਅਤੇ 2010 ’ਚ ਜਨਤਕ ਰੂਪ ’ਚ ਪੂਰੇ ਚਿਹਰੇ ਦੇ ਨਕਾਬ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਨਾਲ ਫਰਾਂਸ ’ਚ ਰਹਿਣ ਵਾਲੇ 50 ਲੱਖ ਮੁਸਲਿਮ ਲੋਕਾਂ ’ਚ ਹੁਣ ਤੱਕ ਨਰਾਜ਼ਗੀ ਹੈ। ਫਰਾਂਸ ਦੇ ਸੱਜੇ ਪੱਖੀ ਲੋਕਾਂ ਨੇ ਅਬਾਯਾ ’ਤੇ ਪਾਬੰਦੀ ਲਾਉਣ ਲਈ ਸਰਕਾਰ ’ਤੇ ਦਬਾਅ ਪਾਇਆ ਸੀ, ਜਦਕਿ ਖੱਬੇ ਪੱਖੀਆਂ ਦਾ ਤਰਕ ਸੀ ਕਿ ਇਸ ਨਾਲ ਲੋਕਾਂ ਦੀ ਆਜ਼ਾਦੀ ਦਾ ਹਨਨ ਹੋਵੇਗਾ। ਕਈ ਮੁਸਲਿਮ ਸੰਗਠਨਾਂ ਵਾਲੀ ਇੱਕ ਰਾਸ਼ਟਰੀ ਸੰਸਥਾ ਫਰੈਂਚ ਕਾਊਂਸਲ ਆਫ਼ ਮੁਸਲਿਮ ਫੇਥ ਨੇ ਕਿਹਾ ਕਿ ਇਕੱਲੇ ਕੱਪੜਿਆਂ ਨਾਲ ਕਿਸੇ ਦੀ ਧਾਰਮਿਕ ਪਛਾਣ ਨਹੀਂ ਹੁੰਦੀ। ਧਰਮ ਨਿਰਪੇਖਤਾ ਦੀ ਰੱਖਿਆ ਕਰਨਾ ਫਰਾਂਸ ’ਚ ਇੱਕ ਨਾਅਰਾ ਹੈ ਤੇ ਪੂਰੇ ਦੇਸ਼ ਦੀ ਰਾਜਨੀਤੀ ਇਸ ਦੇ ਦੁਆਲੇ ਘੁੰਮਦੀ ਹੈ।