ਮੁਹਾਲੀ : ਮੌਨਸੂਨ ਦੀ ਪਹਿਲੀ ਬਾਰਸ਼ ਨੇ ਮੁਹਾਲੀ ਪ੍ਰਸ਼ਾਸਨ, ਨਗਰ ਨਿਗਮ, ਗਮਾਡਾ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਜ਼ਿਆਦਾਤਰ ਸੜਕਾਂ ਅਤੇ ਕਈ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਜਮ੍ਹਾਂ ਹੋ ਗਿਆ | ਫੇਜ਼-2, ਫੇਜ਼-4, ਫੇਜ਼-5, ਫੇਜ਼-7, ਫੇਜ਼-3 ਬੀ 1, ਫੇਜ਼-3 ਬੀ 2, ਫੇਜ਼-7, ਫੇਜ਼-9 ਅਤੇ ਫੇਜ਼-11 ਆਦਿ ਰਿਹਾਇਸ਼ੀ ਖੇਤਰ ‘ਚ ਜਲਥਲ ਹੋ ਗਿਆ ਅਤੇ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ | ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕੁਝ ਦਿਨ ਪਹਿਲਾਂ ਹੀ ਸਮੂਹ ਚੋਆਂ, ਗੰਦੇ ਪਾਣੀ ਦੇ ਨਾਲਿਆਂ ਅਤੇ ਗਲੀਆਂ ਦੀ ਸਫਾਈ ਕਰਕੇ ਜਲ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਸਨ | ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਪਰ ਪਹਿਲੀ ਬਾਰਿਸ਼ ਨੇ ਉਨ੍ਹਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਪਿੰਡ ਝਿਊਰਹੇੜੀ ਵਿਚ ਕਾਫੀ ਲੋਕਾਂ ਦੇ ਘਰਾਂ ‘ਚ ਮੀਂਹ ਦਾ ਪਾਣੀ ਵੜ ਗਿਆ | ਸਵੇਰੇ ਲੱਗਭੱਗ ਇੱਕ ਘੰਟਾ ਹੋਈ ਲਗਾਤਾਰ ਭਾਰੀ ਬਾਰਸ਼ ਨਾਲ ਚੰਡੀਗੜ੍ਹ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ | ਹਰ ਸੜਕ ‘ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਜਾਮ ਵਰਗੀ ਸਥਿਤੀ ਬਣੀ ਰਹੀ | ਪਹਾੜੀ ਖੇਤਰ ਵਿਚ ਪਏ ਮੀਂਹ ਦਾ ਪਾਣੀ ਹੇਠਲੇ ਪਿੰਡਾਂ ‘ਚ ਆਉਣ ਕਾਰਨ ਪਹਾੜੀ ਖੇਤਰ ਦੇ ਪਿੰਡ ਪੰਜਾਬ ਨਾਲੋਂ ਕੱਟੇ ਗਏ | ਬਲਾਕ ਮਾਜਰੀ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸੇ ਪਿੰਡ ਤਾਰਾਪੁਰ ਬੇਲਾ ਦਾ ਕਾਜ਼ਵੇਅ ਝਾੜੀਆਂ ਫਸਣ ਕਾਰਨ ਬੰਦ ਹੋ ਗਿਆ, ਜਿਸ ਕਾਰਨ ਪਿੰਡ ‘ਚ ਹੜ੍ਹ ਵਰਗੀ ਸਥਿਤੀ ਬਣ ਗਈ | ਪਿਛਲੇ ਸਾਲਾਂ ਵਾਂਗ ਹੀ ਹੜ੍ਹ ਕੇ ਉੱਪਰੋਂ ਆਈ ਲੱਕੜ ਅਤੇ ਝਾੜੀਆਂ ਕਾਜ਼ਵੇਅ ਦੇ ਮੋਘਿਆਂ ਵਿਚ ਫਸ ਗਈਆਂ ਅਤੇ ਪਾਣੀ ਦਾ ਰਸਤਾ ਬੰਦ ਹੋਣ ਕਾਰਨ ਪਾਣੀ ਪਿੰਡ ਵਿਚ ਦਾਖਲ ਹੋ ਗਿਆ | ਇਸ ਕਾਰਨ ਸੜਕ, ਪਸ਼ੂਆਂ ਦੇ ਵਾੜਿਆਂ ਤੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ | ਇੱਕ ਮੱਝ ਤੇਜ਼ ਪਾਣੀ ਦੇ ਵਹਾਅ ‘ਚ ਵਹਿ ਗਈ, ਜਿਸ ਨੂੰ ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਇਆ | ਸੜਕ ਦਾ ਕੁਝ ਹਿੱਸਾ ਵੀ ਹੜ੍ਹ ਗਿਆ, ਜਦਕਿ ਬਿਜਲੀ ਦੇ ਕਈ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਵੀ ਬੰਦ ਹੋ ਗਈ | ਪਿੰਡ ਵਾਸੀਆਂ ਨੇ ਕਾਜ਼ਵੇਅ ਨੂੰ ਹਟਾ ਕੇ ਵੱਡੇ ਆਕਾਰ ਦੀਆਂ ਪੁਲੀਆਂ ਬਣਾਉਣ ਅਤੇ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ |