30.5 C
Jalandhar
Tuesday, August 16, 2022
spot_img

ਲਾਰੈਂਸ-ਰਿੰਦਾ ਦੀ ਹਮਾਇਤ ਵਾਲੇ 11 ਗੈਂਗਸਟਰ ਗਿ੍ਫ਼ਤਾਰ

ਜਲੰਧਰ : ਏ ਡੀ ਜੀ ਪੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਪ੍ਰਮੋਦ ਬਾਨ ਨੇ ਵੀਰਵਾਰ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਕ ਵਿਆਪਕ ਅਤੇ ਯੋਜਨਾਬੱਧ ਅਪ੍ਰੇਸ਼ਨ ਵਿੱਚ ਪੰਜਾਬ ਪੁਲਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਇੱਕ ਅੰਤਰ-ਰਾਜੀ ਗਰੋਹ ਦਾ ਪਰਦਾ ਫਾਸ਼ ਕੀਤਾ ਹੈ, ਜਿਸ ਦੇ 11 ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਤੋਂ 9 ਹਥਿਆਰ ਅਤੇ ਪੰਜ ਖੋਹੇ ਹੋਏ ਵਾਹਨ ਬਰਾਮਦ ਕੀਤੇ ਹਨ | ਇਹ ਕਾਰਵਾਈ ਜਲੰਧਰ ਦਿਹਾਤੀ ਪੁਲਸ ਵੱਲੋਂ ਕੀਤੀ ਗਈ |
ਗਿ੍ਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਕੋਦਰ, ਜਲੰਧਰ ਦੇ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਪੁਰੇਵਾਲ, ਮੋਹਾਲੀ ਦੇ ਨਵਾਂ ਸ਼ਹਿਰ ਬਡਾਲਾ ਦੇ ਸਾਗਰ ਸਿੰਘ, ਸਮਰਾਲਾ, ਲੁਧਿਆਣਾ ਦੇ ਅਮਰ ਮਲਿਕ, ਲੋਹੀਆਂ, ਜਲੰਧਰ ਦਾ ਨਵੀ, ਨਕੋਦਰ, ਜਲੰਧਰ ਦੇ ਅੰਕੁਸ਼ ਸੱਭਰਵਾਲ ਉਰਫ ਪਾਯਾ; ਊਨਾ (ਐੱਚ ਪੀ) ਦੇ ਸੁਮਿਤ ਜਸਵਾਲ ਉਰਫ ਕਾਕੂ, ਫਿਲੌਰ, ਜਲੰਧਰ ਦਾ ਅਮਨਦੀਪ ਉਰਫ ਸ਼ੂਟਰ, ਫਿਲੌਰ, ਜਲੰਧਰ ਦਾ ਸ਼ਿਵ ਕੁਮਾਰ ਉਰਫ ਸ਼ਿਵ, ਵਿਸ਼ਾਲ ਉਰਫ ਫੌਜੀ ਵਾਸੀ ਨਕੋਦਰ, ਜਲੰਧਰ, ਊਨਾ (ਐੱਚ ਪੀ) ਦੇ ਅਰੁਣ ਕੁਮਾਰ ਉਰਫ ਮਨੀ ਰਾਣਾ ਅਤੇ ਕਪੂਰਥਲਾ ਦੇ ਅਨੂੰ ਉਰਫ ਪਹਿਲਵਾਨ ਵਜੋਂ ਹੋਈ ਹੈ | ਗਿ੍ਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ, ਜੋ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ | ਏ ਡੀ ਜੀ ਪੀ ਪ੍ਰਮੋਦ ਬਾਨ, ਜਿਹਨਾ ਨਾਲ ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਵੀ ਮੌਜੂਦ ਸਨ, ਨੇ ਦੱਸਿਆ ਕਿ ਇਹ ਗਰੋਹ ਕਈ ਗੁਆਂਢੀ ਸੂਬਿਆਂ ਵਿੱਚ ਸਰਗਰਮ ਹੈ ਅਤੇ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਡਕੈਤੀ, ਸੰਗਠਿਤ ਫਿਰੌਤੀ, ਡਕੈਤੀ ਅਤੇ ਨਸ਼ਾ ਤਸਕਰੀ ਜਿਹੇ ਅਪਰਾਧਾਂ ਵਿੱਚ ਸ਼ਾਮਲ ਸੀ | ਉਹਨਾ ਕਿਹਾ ਕਿ ਇਨ੍ਹਾਂ ਦੀ ਗਿ੍ਫਤਾਰੀ ਨਾਲ ਪੰਜਾਬ ਪੁਲਸ ਨੇ ਘੱਟੋ-ਘੱਟ ਸੱਤ ਕਤਲ, ਦੋ ਪੁਲਸ ਹਿਰਾਸਤ ਤੋਂ ਭਜਾਉਣ ਅਤੇ ਚਾਰ ਹਥਿਆਰਬੰਦ ਡਕੈਤੀਆਂ ਨੂੰ ਨਾਕਾਮ ਕਰ ਦਿੱਤਾ ਹੈ |
ਏ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਸ ਗਰੋਹ ਨੂੰ ਹਰਵਿੰਦਰ ਸਿੰਘ ਉਰਫ ਰਿੰਦਾ ਦੇ ਨਿਰਦੇਸ਼ਾਂ ‘ਤੇ ਗੋਲਡੀ ਬਰਾੜ ਦਾ ਸਾਥੀ ਵਿਕਰਮ ਬਰਾੜ ਚਲਾ ਰਿਹਾ ਸੀ | ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਬਰਾੜ ਇਸ ਸਮੇਂ ਵਿਦੇਸ਼ ‘ਚ ਰਹਿ ਰਿਹਾ ਹੈ ਅਤੇ ਉਹ ਛੇ ਰਾਜਾਂ ਦੀ ਪੁਲਸ ਨੂੰ ਲੋੜੀਂਦਾ ਹੈ | ਉਹ ਲਾਰੈਂਸ ਬਿਸ਼ਨੋਈ ਦਾ ਜਮਾਤੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ | ਐੱਸ ਐੱਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਹੰਮਦ ਯਾਸੀਨ ਅਖਤਰ ਉਰਫ ਜੈਸੀ ਇੱਕ ਸਾਲ ਤੋਂ ਲਾਪਤਾ ਹੈ | ਬਰਾੜ ਅਤੇ ਲਾਰੈਂਸ ਦਾ ਨੇੜਲਾ ਸਾਥੀ ਜੈਸੀ ਘੱਟੋ-ਘੱਟ 16 ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ | ਉਨ੍ਹਾ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਇਕ ਹੋਰ ਵਿਅਕਤੀ, ਜਿਸ ਦੀ ਪਛਾਣ ਅੰਕੁਸ਼ ਸਭਰਵਾਲ ਉਰਫ ਪਾਯਾ ਵਜੋਂ ਹੋਈ ਹੈ, ਦੇ ਖਿਲਾਫ ਛੇ ਅਪਰਾਧਿਕ ਮਾਮਲੇ ਦਰਜ ਹਨ | ਅੰਕੁਸ਼ 2014 ਵਿਚ ਨਕੋਦਰ ਦੇ ਇਕ ਆਈਲੈਟਸ ਸੈਂਟਰ ਵਿਚ ਵਿਕਰਮ ਬਰਾੜ ਦਾ ਵਿਦਿਆਰਥੀ ਸੀ ਅਤੇ ਮਹਾਰਾਸ਼ਟਰ ਦੇ ਸੌਰਵ ਮਹਾਕਾਲ, ਜਿਸ ਨੂੰ ਪੁਣੇ ਪੁਲਸ ਨੇ ਗਿ੍ਫਤਾਰ ਕਰ ਲਿਆ ਹੈ, ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਵਾ ਰਿਹਾ ਸੀ | ਮਹਾਕਾਲ ਦੇ ਸੂਬੇ ਵਿੱਚ ਦੋ ਮਹੀਨੇ ਮੌਜੂਦ ਰਹਿਣ ਦੇ ਸਮੇਂ ਦੌਰਾਨ ਉਸ ਨੇ ਮਹਾਕਾਲ ਨਾਲ ਮਿਲ ਕੇ ਪੰਜਾਬ ਵਿੱਚ ਤਿੰਨ ਅਪਰਾਧਾਂ ਨੂੰ ਅੰਜ਼ਾਮ ਵੀ ਦਿੱਤਾ ਸੀ |
ਐੱਸ ਐੱਸ ਪੀ ਨੇ ਦੱਸਿਆ ਕਿ ਅਰੁਣ ਕੁਮਾਰ ਉਰਫ ਮਨੀ ਰਾਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਹੈ ਅਤੇ ਲਾਰੈਂਸ-ਜੱਗੂ ਭਗਵਾਨਪੁਰੀਆ ਗਰੁੱਪ ਦੇ ਇਸ਼ਾਰੇ ‘ਤੇ ਕਾਰਵਾਈ ਕਰ ਰਿਹਾ ਹੈ | ਉਹਨਾ ਕਿਹਾ ਕਿ ਗਿ੍ਫਤਾਰ ਕੀਤੇ ਗਏ ਗਰੋਹ ਨੇ ਊਨਾ (ਹਿਮਾਚਲ ਪ੍ਰਦੇਸ਼) ਵਿੱਚ ਇੱਕ ਅਦਾਲਤੀ ਸੁਣਵਾਈ ਦੌਰਾਨ ਮਨੀ ਰਾਣਾ ਦੇ ਪੁਲਸ ਹਿਰਾਸਤ ਵਿੱਚੋਂ ਭੱਜਣ ਦੀ ਯੋਜਨਾ ਬਣਾਈ ਸੀ | ਸੁਮਿਤ ਜਸਵਾਲ ਉਰਫ ਕਾਕੂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਕਿਉਂਕਿ ਉਹ ਭੱਜਣ ਦੀ ਇਸ ਕੋਸ਼ਿਸ਼ ਲਈ ਰੇਕੀ ਕਰਨ ਅਤੇ ਲੌਜਿਸਟਿਕਸ ਦਾ ਪ੍ਰਬੰਧ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ | ਉਨ੍ਹਾ ਕਿਹਾ ਕਿ ਇਸ ਗਰੋਹ ਦੀ ਗਿ੍ਫਤਾਰੀ ਨਾਲ ਦੋਆਬਾ ਖੇਤਰ ਅਤੇ ਖਾਸ ਕਰਕੇ ਜਲੰਧਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਨੂੰ ਵੱਡੀ ਸੱਟ ਵੱਜੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਜਲੰਧਰ ਦਿਹਾਤੀ ਪੁਲਸ ਨੇ ਸੂਬੇ ਭਰ ਵਿੱਚ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸੰਬੰਧਤ 32 ਗੈਂਗ ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 38 ਹਥਿਆਰ ਬਰਾਮਦ ਕੀਤੇ ਹਨ |

Related Articles

LEAVE A REPLY

Please enter your comment!
Please enter your name here

Latest Articles