ਮੋਗਾ (ਅਮਰਜੀਤ ਬੱਬਰੀ)-ਕੇਂਦਰ ਦੀ ਮੋਦੀ ਹਕੂਮਤ ਨੂੰ ਚਲਦਾ ਕਰਨ ਵਿੱਚ ਹੀ ਦੇਸ਼ ਦੇ ਕਿਰਤੀ ਲੋਕਾਂ ਦੀ ਭਲਾਈ ਹੈ, ਇਸ ਲਈ ਦੇਸ ਦੇ ਕਾਮਿਆਂ ਨੂੰ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਕਿਰਤੀ ਲੋਕਾਂ ਨੂੰ ਸਿਆਸੀ ਸੂਝਬੂਝ ਨਾਲ ਲੈਸ ਕਰਨਾ ਜ਼ਰੂਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਜਗਰੂਪ ਨੇ ਕਿਹਾ ਕਿ ਖੇਤੀਬਾੜੀ ’ਚ ਵਧ ਰਹੇ ਮਸ਼ੀਨੀਕਰਨ ਨੇ ਪੇਂਡੂ ਕਾਮਿਆਂ ਨੂੰ ਵੇਹਲੇ ਕਰ ਦਿੱਤਾ ਸੀ, ਜਿਸ ਕਰਕੇ 2005 ਦੀ ਯੂ ਪੀ ਏ-1 ਸਰਕਾਰ ਨੇ ਪੇਂਡੂ ਕਿਰਤੀਆਂ ਦੀ ਬੇਹਤਰੀ ਲਈ ਨਰੇਗਾ ਹੋਂਦ ਵਿੱਚ ਲਿਆਂਦਾ। ਜੇਕਰ ਇਹ ਕਾਨੂੰਨ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਇਹ ਪੇਂਡੂ ਕਿਰਤੀਆਂ ਲਈ ਬਹੁਤ ਵੱਡਾ ਸਹਾਰਾ ਬਣ ਸਕਦਾ ਹੈ, ਪਰ ਕਿਰਤ ਵਿਰੋਧੀ ਸਰਕਾਰਾਂ ਦੀ ਨਰੇਗਾ ਵਿਰੋਧੀ ਪਹੁੰਚ ਕਾਰਨ ਨਰੇਗਾ ਮਜ਼ਦੂਰਾਂ ਨਾਲ ਬੇਇਨਸਾਫੀਆਂ ਹੋ ਰਹੀ ਹੈ। ਇਹਨਾਂ ਬੇਇਨਸਾਫੀਆਂ ਨੂੰ ਰੋਕਣ ਅਤੇ ਪੂਰਾ ਹੱਕ ਪ੍ਰਾਪਤ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨਾ ਬਹੁਤ ਜ਼ਰੂਰੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਪੂਰਾ ਕੰਮ ਨਾ ਦੇ ਕੇ ਮਜਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਦਾ ਚੇਤਨ ਮਜ਼ਦੂਰ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਗੇ। ਆਗੂਆਂ ਕਿਹਾ ਕਿ ਨਰੇਗਾ ਕਾਮਿਆਂ ਦੀ 100 ਦਿਨਾਂ ਦੀ ਗਰੰਟੀ ਪੂਰੀ ਕਰਵਾਉਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਨਰੇਗਾ ਤਹਿਤ ਮੰਗੇ ਕੰਮ ਦੀਆਂ ਰਸੀਦਾਂ ਨਰੇਗਾ ਮਜ਼ਦੂਰਾਂ ਨੂੰ ਦਿੱਤੀਆਂ ਜਾਣ, ਤਾਂ ਕਿ ਮਜ਼ਦੂਰ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਲੈਣ ਲਈ ਦਰਖਾਸਤ ਦੇ ਸਕਣ, ਪਰ ਸਰਕਾਰ ਅਤੇ ਨਰੇਗਾ ਪ੍ਰਸ਼ਾਸਨ ਵੱਲੋਂ ਨਰੇਗਾ ਮਜ਼ਦੂਰਾਂ ਨੂੰ ਕੰਮ ਦੀਆਂ ਰਸੀਦਾਂ ਨਹੀਂ ਦਿੱਤੀਆ ਜਾ ਰਹੀਆਂ, ਜਿਸ ਕਾਰਨ ਨਰੇਗਾ ਕਾਮੇ ਕੰਮ ਜਾਂ ਬੇਰੁਜ਼ਗਾਰੀ ਭੱਤੇ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਨਰੇਗਾ ਦਿਹਾੜੀ ਰੇਟ 1000 ਰੁਪਏ ਹੋਣੀ ਚਾਹੀਦੀ ਹੈ ਤੇ ਕੰਮ ਦੇ ਦਿਨਾਂ ਦੀ ਗਾਰੰਟੀ 200 ਦਿਨ ਹੋਵੇ। ਯੂਨੀਅਨ ਦੇ ਸਲਾਹਕਾਰ ਕੁਲਦੀਪ ਸਿੰਘ ਭੋਲਾ, ਨੌਜਵਾਨ ਆਗੂ ਸੁਖਜਿੰਦਰ ਸਿੰਘ ਮਹੇਸਰੀ ਅਤੇ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦਾ ਲਾਰਾ ਲਾ ਕੇ ਸੱਤਾ ਵਿਚ ਆਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੋਵੇਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਕੰਮ ’ਤੇ ਲੱਗੇ ਲੋਕਾਂ ਨੂੰ ਵੀ ਕੰਮ ਤੋਂ ਬਾਹਰ ਕਰ ਰਹੀਆਂ ਹਨ। ਇਸ ਤੋਂ ਬਾਅਦ ਮਜ਼ਦੂਰ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਦਫਤਰ ਗਏ, ਪਰ ਕੋਈ ਜ਼ਿੰਮੇਵਾਰ ਅਧਿਕਾਰੀ ਹਾਜ਼ਰ ਨਹੀਂ ਸੀ, ਜਿਸ ਕਾਰਨ ਗੇਟ ’ਤੇ ਨਰੇਗਾ ਮਜ਼ਦੂਰਾਂ ਦੀ ਪੁਲਸ ਨੇ ਖਿੱਚ-ਧੂਹ ਕੀਤੀ। ਇਸ ਦੌਰਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਖੋਸਾ ਦੀ ਪੱਗ ਲਹਿ ਗਈ। ਮਜ਼ਦੂਰਾਂ ਨੇ ਪ੍ਰਸ਼ਾਸਨ ਵਿਰੁੱਧ ਤਕਰੀਬਨ ਇੱਕ ਘੰਟਾ ਨਾਅਰੇਬਾਜ਼ੀ ਕੀਤੀ। ਉਪਰੰਤ ਏ ਡੀ ਸੀ ਅਨੀਤਾ ਦਰਸ਼ੀ ਨੇ ਮੰਗ ਪੱਤਰ ਲਿਆ ਅਤੇ ਹਫਤੇ ਦੇ ਅੰਦਰ-ਅੰਦਰ ਲੋਕਲ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਨਾਲ ਮੀਟਿੰਗ ਕਰਨ ਲਈ ਸਹਿਮਤ ਹੋਏ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਦੌਲਤਪੁਰਾ, ਗੋਰਾ ਸਿੰਘ ਪਿਪਲੀ, ਬਲਬੀਰ ਸਿੰਘ ਔਲਖ, ਡਾਕਟਰ ਇੰਦਰਵੀਰ ਸਿੰਘ ਗਿੱਲ, ਜਗਜੀਤ ਸਿੰਘ ਧੂੜਕੋਟ, ਸਵਰਨ ਖੋਸਾ, ਅਮਰਜੀਤ ਸਿੰਘ ਭੱਟੀ, ਗੁਰਮੀਤ ਸਿੰਘ ਵਾਂਦਰ, ਹਰਬੰਸ ਸਿੰਘ ਸਾਗਰ, ਬਿੰਦਰ ਕੌਰ ਗਲੋਟੀ, ਕਮਲੇਸ਼ ਸਿੰਘ, ਸਰਬਜੀਤ ਕੌਰ ਬੁੱਧ ਸਿੰਘ ਵਾਲਾ, ਮਹਿੰਦਰ ਸਿੰਘ ਧੂੜਕੋਟ, ਬੋਹੜ ਸਿੰਘ ਬੁੱਟਰ, ਸਰਬਜੀਤ ਕੌਰ ਖੋਸਾ ਤੇ ਸਟੂਡੈਂਟਸ ਫੈਡਰੇਸ਼ਨ ਦੇ ਸਵਰਾਜ ਖੋਸਾ ਵੀ ਹਾਜ਼ਰ ਸਨ।





