ਮੁੰਬਈ : ਕਾਂਗਰਸ ਨੇ ਵੀਰਵਾਰ ਸੰਗਠਿਤ ਅਪਰਾਧ ਅਤੇ ਭਿ੍ਰਸ਼ਟਾਚਾਰ ਰਿਪੋਰਟ ਪ੍ਰੋਜੈਕਟ ਵੱਲੋਂ ਅਡਾਨੀ ਗਰੁੱਪ ਖਿਲਾਫ਼ ਨਵੇਂ ਦੋਸ਼ਾਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਇਆ। ਪ੍ਰੈੱਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਅਡਾਨੀ ਗਰੁੱਪ ’ਤੇ ਨਵੇਂ ਦੋਸ਼ ਲਾਏ। ਰਾਹੁਲ ਤੋਂ ਵਿਸ਼ੇਸ਼ ਸੰਸਦ ਸੈਸ਼ਨ ’ਤੇ ਪੁੱਛੇ ਜਾਣ ’ਤੇ ਉਨ੍ਹਾ ਕਿਹਾ, ‘ਮੈਨੂੰ ਲੱਗਦਾ ਹੈ ਕਿ ਸ਼ਾਇਦ ਥੋੜ੍ਹੀ ਘਬਰਾਹਟ ਦਾ ਸੰਕੇਤ ਹੈ। ਉਸੇ ਤਰ੍ਹਾਂ ਦੀ ਘਬਰਾਹਟ, ਜੋ ਉਦੋਂ ਹੋਈ ਸੀ, ਜਦੋਂ ਸੰਸਦ ਭਵਨ ’ਚ ਗੱਲ ਕੀਤੀ ਸੀ, ਘਬਰਾਹਟ ਕਾਰਨ ਅਚਾਨਕ ਮੇਰੀ ਸਾਂਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਮੈਨੂੰ ਲੱਗਦਾ ਹੈ ਕਿ ਇਹ ਘਬਰਾਹਟ ਦੀ ਗੱਲ ਹੈ, ਕਿਉਂਕਿ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹੈ। ਜਦ ਵੀ ਅਡਾਨੀ ਮਾਮਲਾ ਸਾਹਮਣੇ ਆਉਂਦਾ ਤਾਂ ਪ੍ਰਧਾਨ ਮੰਤਰੀ ਬਹੁਤ ਘਬਰਾ ਜਾਂਦੇ ਹਨ।’ ਰਾਹੁਲ ਨੇ ਦੋ ਵਿਦੇਸ਼ੀ ਅਖਬਾਰਾਂ ‘ਦਿ ਗਾਰਡੀਅਨ’ ਅਤੇ ‘ਫਾਈਨੈਂਸ਼ੀਅਲ ਟਾਇਮਜ਼’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦਾ ਪੈਸਾ ਬਾਹਰ ਭੇਜਿਆ ਜਾ ਰਿਹਾ ਹੈ। ਇੱਕ ਅਰਬ ਡਾਲਰ ਭਾਰਤ ਤੋਂ ਬਾਹਰ ਗਿਆ, ਜੋ ਪੈਸਾ ਬਾਹਰ ਭੇਜਿਆ ਜਾ ਰਿਹਾ ਹੈ, ਉਹ ਪ੍ਰਧਾਨ ਮੰਤਰੀ ਦੇ ਕਰੀਬੀ ਦਾ ਹੈ। ਉਹਨਾ ਕਿਹਾਅਡਾਨੀ ਮਾਮਲੇ ’ਚ ਸੰਯੁਕਤ ਸੰਸਦੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਡੂੰਘੀ ਜਾਂਚ ਹੋਣੀ ਚਾਹੀਦੀ ਹੈ। ਅਡਾਨੀ ਗਰੁੱਪ ’ਤੇ ਨਵੇਂ ਦੋਸ਼ ਲਾਉਂਦੇ ਹੋਏ ਰਾਹੁਲ ਨੇ ਸਰਕਾਰ ਨੂੰ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਮੌਨ ਕਿਉਂ ਹਨ, ਉਹ ਇਸ ਦੀ ਜਾਂਚ ਕਿਉਂ ਨਹੀਂ ਹੋਣ ਦਿੰਦੇ। ਮੈਨੂੰ ਹੈਰਾਨੀ ਹੈ ਕਿ ਜਿਸ ਸੱਜਣ ਨੇ ਜਾਂਚ ਕੀਤੀ, ਉਹ ਅੱਜ ਅਡਾਨੀ ਦੀ ਕੰਪਨੀ ’ਚ ਡਾਇਰੈਕਟਰ ਹੈ। ਇਹ ਬਿਲਕੁੱਲ ਸਪੱਸ਼ਟ ਹੈ ਕਿ ਕੋਈ ਜਾਂਚ ਨਹੀਂ ਹੋਈ ਅਤੇ ਜਾਂਚ ਨਾ ਹੋਣ ਦਾ ਇੱਕੋ-ਇੱਕ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕੋਈ ਜਾਂਚ ਹੋਵੇ।’





