ਨਵੀਂ ਦਿੱਲੀ : ‘ਇੱਕ ਦੇਸ਼, ਇੱਕ ਚੋਣ’ ਨੂੰ ਲੈ ਕੇ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ। ਸਰਕਾਰ ਨੇ ਇਸ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਕਮੇਟੀ ਦਾ ਮਕਸਦ ਇੱਕ ਦੇਸ਼ ਇੱਕ ਚੋਣ ਦੇ ਕਾਨੂੰਨੀ ਪਹਿਲੂਆਂ ’ਤੇ ਗੌਰ ਕਰਨਾ ਹੈ। ਨਾਲ ਹੀ ਇਸ ਲਈ ਆਮ ਲੋਕਾਂ ਤੋਂ ਵੀ ਰਾਏ ਲਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇੱਕ ਦੇਸ਼, ਇੱਕ ਚੋਣ ’ਤੇ ਸਰਕਾਰ ਬਿੱਲ ਲਿਆ ਸਕਦੀ ਹੈ। ਇੱਕ ਦੇਸ਼, ਇੱਕ ਚੋਣ ਕਮੇਟੀ ਗਠਨ ਨੂੰ ਲੈ ਕੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਿਸ਼ਾਨਾ ਲਾਉਂਦਿਆਂ ਕਿਹਾ, ‘ਇੱਕ ਦੇਸ਼, ਇੱਕ ਚੋਣ’ ’ਤੇ ਕੇਂਦਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ। ਹਾਲੇ ਇਸ ਦੀ ਜ਼ਰੂਰਤ ਨਹੀਂ ਹੈ। ਪਹਿਲਾ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਹੱਲ ਹੋਣਾ ਚਾਹੀਦਾ। ਸ਼ਿਵ ਸੈਨਾ ਦੇ ਸਾਂਸਦ ਸੰਜੈ ਰਾਉਤ ਨੇ ਕਿਹਾ ਕਿ ਭਾਜਪਾ ਇੰਡੀਆ ਤੋਂ ਡਰੀ ਹੋਈ ਹੈ। ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਲਿਆਂਦਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਇੱਕ ਦੇਸ਼ ਇੱਕ ਚੋਣ’ ਦਾ ਸਮਰਥਨ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਦੇਸ਼ ’ਚ ਇੱਕ ਹੀ ਚੋਣ ਹੋਣੀ ਚਾਹੀਦੀ ਹੈ, ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਕ ਥਾਂ ’ਤੇ ਚੋਣਾਂ ਹੋਣ ਤੋਂ ਬਾਅਦ ਉਹ ਪਾਰਟੀ ਦੂਜੇ ਸੂਬੇ ’ਚ ਚਲੀ ਜਾਂਦੀ ਹੈ ਜਿੱਥੇ ਚੋਣ ਪ੍ਰਚਾਰ ਸ਼ੁਰੂ ਹੁੰਦਾ ਹੈ, ਫਿਰ ਜੇਕਰ ਦੇਸ਼ ’ਚ ਇੱਕ ਚੋਣ ਹੋਵੇ ਤਾਂ ਉਹ ਪਾਰਟੀ ਆਪਣੇ ਰਾਜ ’ਚ 5 ਸਾਲਾਂ ਕੱਟ ਸਕੇਗੀ।




