ਬੈਂਗਲੁਰੂ : ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਸ਼ਨੀਵਾਰ ਕਿਹਾ ਕਿ ਉਹ ਮੁੱਖ ਮੰਤਰੀ ਸਿਧਾਰਮਈਆ ਅਤੇ ਟਰਾਂਸਪੋਰਟ ਮੰਤਰੀ ਰਾਮਲਿੰਗਾ ਰੈਡੀ ਨਾਲ ਔਰਤਾਂ ਲਈ ਮੁਫਤ ਯਾਤਰਾ ਯੋਜਨਾ ਦੇ ਮਾਮਲੇ ’ਤੇ ਚਰਚਾ ਕਰਨਗੇ। ਉਨ੍ਹਾਂ ਦਾ ਇਹ ਭਰੋਸਾ 11 ਸਤੰਬਰ ਨੂੰ ਪ੍ਰਾਈਵੇਟ ਟਰਾਂਸਪੋਰਟ ਜਥੇਬੰਦੀਆਂ ਵੱਲੋਂ ਇਸ ਸਕੀਮ ਨੂੰ ਲਾਗੂ ਕਰਨ ਦੇ ਵਿਰੋਧ ’ਚ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਆਇਆ ਹੈ। ਪ੍ਰਾਈਵੇਟ ਟਰਾਂਸਪੋਰਟ ਮਾਲਕਾਂ ਦਾ ਦਾਅਵਾ ਹੈ ਕਿ ਸਕੀਮ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ’ਚ ਭਾਰੀ ਗਿਰਾਵਟ ਆਈ ਹੈ। ਆਟੋ ਰਿਕਸ਼ਾ ਚਾਲਕ, ਪ੍ਰਾਈਵੇਟ ਟੈਕਸੀ ਡਰਾਈਵਰ, ਸਕੂਲ ਬੱਸ ਅਤੇ ਕੈਬ ਮਾਲਕਾਂ ਸਮੇਤ ਲਗਭਗ 32 ਸੰਗਠਨ ਇਕੱਠੇ ਹੋਏ ਹਨ। ਯੂਨੀਅਨਾਂ ਨੇ ਪਹਿਲਾਂ ਵੀ ਕਾਂਗਰਸ ਸਰਕਾਰ ਨੂੰ ਕਈ ਮੰਗਾਂ ਸੌਂਪੀਆਂ ਸਨ। ਪ੍ਰਮੁੱਖ ਮੰਗਾਂ ’ਚ ਹਰੇਕ ਡਰਾਈਵਰ ਲਈ 10,000 ਰੁਪਏ ਦੀ ਵਿੱਤੀ ਸਹਾਇਤਾ ਅਤੇ ਬਾਈਕ ਟੈਕਸੀਆਂ ’ਤੇ ਪਾਬੰਦੀ ਸ਼ਾਮਲ ਹੈ। ਸ਼ਿਵਕੁਮਾਰ ਨੇ ਕਿਹਾ ਕਿ ਕੁਝ ਜ਼ਿਲ੍ਹਿਆਂ ’ਚ ਕੋਈ ਸਰਕਾਰੀ ਬੱਸ ਨਹੀਂ ਅਤੇ ਸਿਰਫ ਪ੍ਰਾਈਵੇਟ ਬੱਸਾਂ ਹੀ ਚੱਲਦੀਆਂ ਹਨ। ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ ਸੀ ਕਿ ਸ਼ਕਤੀ ਯੋਜਨਾ ਦੇ ਤਹਿਤ ਹੁਣ ਤੱਕ 48.5 ਕਰੋੜ ਔਰਤਾਂ ਬੱਸਾਂ ’ਚ ਮੁਫਤ ਸਫਰ ਕਰ ਚੁੱਕੀਆਂ ਹਨ।



