ਸਿੰਗਾਪੁਰ : ਭਾਰਤੀ ਮੂਲ ਦੇ ਅਰਥ ਸ਼ਾਸਤਰੀ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਹ ਦੇਸ਼ ਦੇ 9ਵੇਂ ਰਾਸ਼ਟਰਪਤੀ ਹੋਣਗੇ। ਥਰਮਨ ਨੇ ਦੋ ਚੀਨੀ ਮੂਲ ਦੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ। ਉਨ੍ਹਾ 70 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ ਇਹ ਜਿੱਤ ਹਾਸਲ ਕੀਤੀ। ਸਿੰਗਾਪੁਰ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਵਾਲੇ ਉਹ ਭਾਰਤੀ ਮੂਲ ਦੇ ਦੂਜੇ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ ਉਹ ਸਿਵਲ ਸਰਵਿਸ ਵਜੋਂ ਵੀ ਕੰਮ ਕਰ ਚੁੱਕੇ ਹਨ।
ਸਿੰਗਾਪੁਰ ਚੋਣ ਵਿਭਾਗ ਮੁਤਾਬਕ ਬੀਤੇ ਸ਼ੁੱਕਰਵਾਰ ਹੋਈ ਵੋਟਿੰਗ ’ਚ ਸਿੰਗਾਪੁਰ ਦੇ ਕਰੀਬ 27 ਲੱਖ ਲੋਕਾਂ ’ਚੋਂ 25.3 ਲੱਖ ਲੋਕਾਂ ਨੇ ਵੋਟਿੰਗ ਕੀਤੀ ਅਤੇ 93.4 ਫੀਸਦੀ ਵੋਟਿੰਗ ਹੋਈ। ਸ਼ਨਮੁਗਰਤਨਮ ਦੇ ਵਿਰੋਧੀਆਂ ਐੱਨ ਜੀ ਕੋਕ ਸਾਂਗ ਨੂੰ 15.72 ਫੀਸਦੀ ਅਤੇ ਟੇਨ ਕਿਨ ਲਿਯਾਨ ਨੂੰ 13.88 ਫੀਸਦੀ ਵੋਟ ਮਿਲੇ। ਥਰਮਨ ਨੂੰ ਦੋਵਾਂ ਦੇ ਵੋਟ ਦੇ ਦੁੱਗਣੇ ਵੋਟ ਮਿਲੇ।
ਥਰਮਨ 25 ਜਨਵਰੀ 1957 ਨੂੰ ਸਿੰਗਾਪੁਰ ’ਚ ਜਨਮੇ। ਉਨ੍ਹਾ ਦੇ ਦਾਦਾ ਤਾਮਿਲਨਾਡੂ ਤੋਂ ਜਾ ਕੇ ਸਿੰਗਾਪੁਰ ’ਚ ਵਸੇ ਸਨ। ਥਰਮਨ ਦੇ ਪਿਤਾ ਪ੍ਰੋ. ਕੇ ਸ਼ਨਮੁਗਰਤਨਮ ਸਨ, ਜੋ ਇੱਕ ਵਿਗਿਆਨੀ ਸਨ, ਜਿਨ੍ਹਾ ਨੂੰ ਸਿੰਗਾਪੁਰ ’ਚ ਪੈਥਾਲੋਜੀ ਦਾ ਪਿਤਾਮਾ ਮੰਨਿਆ ਜਾਂਦਾ ਹੈ।





