ਹਿਮਾਚਲ ’ਚ 68 ਦਿਨਾਂ ’ਚ 8660.18 ਕਰੋੜ ਦਾ ਨੁਕਸਾਨ, 393 ਲੋਕਾਂ ਦੀ ਮੌਤ

0
246

ਸ਼ਿਮਲਾ : ਪਹਾੜੀ ਸੂਬਾ ਹਿਮਾਚਲ ’ਚ ਮਾਨਸੂਨੀ ਸੀਜ਼ਨ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਫ਼ੀ ਨੁਕਸਾਨ ਪਹੁੰਚਾਇਆ। ਭਾਰੀ ਬਾਰਿਸ਼ ਨਾਲ ਪ੍ਰਦੇਸ਼ ’ਚ ਸੜਕਾਂ, ਪਾਣੀ ਅਤੇ ਹੋਰ ਯੋਜਨਾਵਾਂ ਦੇ ਨਾਲ-ਨਾਲ ਨਿੱਜੀ ਜਾਇਦਾਦਾਂ ਨੂੰ ਵੀ ਨੁਕਸਾਨ ਹੋਇਆ। ਸੂਬੇ ਦੇ ਆਪਦਾ ਪ੍ਰਬੰਧਕ ਅਨੁਸਾਰ 24 ਜੂਨ ਤੋਂ ਲੈ ਕੇ ਅੱਜ ਤੱਕ ਹਿਮਾਚਲ ਸਰਕਾਰ ਨੂੰ 8660.18 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ’ਚ ਸਭ ਤੋਂ ਵੱਧ ਸੜਕਾਂ ਨੁਕਸਾਨੀਆਂ ਗਈਆਂ। ਪ੍ਰਦੇਸ਼ ਲੋਕ ਨਿਰਮਾਣ ਵਿਭਾਗ ਨੂੰ 2934.85 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਥੇ ਹੀ ਸੂਬੇ ’ਚ ਵੱਖ ਵੱਖ ਘਟਨਾਵਾਂ ਦੇ ਚਲਦੇ 393 ਲੋਕਾਂ ਦੀ ਮੌਤ ਹੋ ਚੁੱਕੀ ਹੈ। 39 ਲੋਕ ਹਾਲੇ ਵੀ ਲਾਪਤਾ ਹਨ। ਸੜਕ ਹਾਦਸੇ ’ਚ ਛੇ, ਡੁੱਬਣ ਨਾਲ ਚਾਰ, ਜ਼ਮੀਨ ਖਿਸਕਣ ’ਚ ਚਾਰ ਅਤੇ 20 ਹੜ੍ਹ ਦੀ ਲਪੇਟ ’ਚ ਆਉਣ ਕਾਰਨ ਉਹਨਾਂ ਦਾ ਪਤਾ ਨਹੀਂ ਚੱਲਿਆ। ਇਸ ਤੋਂ ਇਲਾਵਾ ਸੂਬੇ ’ਚ ਵੱਖ-ਵੱਖ ਘਟਨਾਵਾਂ ’ਚ 367 ਲੋਕ ਜਖ਼ਮੀ ਹੋ ਗਏ। ਸੂਬੇ ’ਚ ਬਾਰਿਸ਼ ਅਤੇ ਢਿੱਗਾਂ ਡਿੱਗਣ ਕਾਰਨ ਹਾਲੇ ਵੀ 205 ਸੜਕਾਂ ਬੰਦ ਹਨ। ਮੰਡੀ ਜ਼ੋਨ ’ਚ 92, ਸ਼ਿਮਲਾ ਜ਼ੋਨ ’ਚ 45, ਹਮੀਰਪੁਰ ਜ਼ੋਨ ’ਚ 39 ਅਤੇ ਕਾਂਗੜਾ ਜ਼ੋਨ ’ਚ 27 ਸੜਕਾਂ ਬੰਦ ਹਨ। ਇਸ ਤੋਂ ਇਲਾਵਾ 97 ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ, ਜਦਕਿ 19 ਪੁਲ ਹੜ੍ਹ ਦੇ ਪ੍ਰਕੋਪ ਦਾ ਸ਼ਿਕਾਰ ਹੋ ਕੇ ਰੁੜ੍ਹ ਗਏ।

LEAVE A REPLY

Please enter your comment!
Please enter your name here