ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਛੱਤੀਸਗੜ੍ਹ ’ਚ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਨਵਾਂ ਰਾਏਪੁਰ ’ਚ ਰਾਜੀਵ ਯੁਵਾ ਮਿਤਾਨ ਕਲੱਬ ਦੇ ਇੱਕ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੇ। ਇਸ ਸੰਮੇਲਨ ’ਚ ਮੁੱਖ ਮੰਤਰੀ ਭੂਪੇਸ਼ ਬਘੇਲ ਵੀ ਮੌਜੂਦ ਸਨ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਭਾਜਪਾ ਨਫ਼ਰਤ ਫੈਲਾਉਂਦੀ ਹੈ, ਜਦਕਿ ਕਾਂਗਰਸ ਦਾ ਕੰਮ ਮੁਹੱਬਤ ਦੀ ਦੁਕਾਨ ਖੋਲ੍ਹਣਾ ਹੈ। ਰਾਏਪੁਰ ’ਚ ਰਾਹੁਲ ਨੇ ਕਿਹਾ ਕਿ ਭਾਜਪਾ ਆਦਿਵਾਸੀਆਂ ਨੂੰ ਵਣਵਾਸੀ ਕਹਿੰਦੀ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹ ਜੰਗਲ ਤੋਂ ਬਾਹਰ ਆਉਣ ਅਤੇ ਵੱਖ-ਵੱਖ ਖੇਤਰਾਂ ’ਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ। ਉਨ੍ਹਾ ਕਿਹਾ ਕਿ ਨਫ਼ਰਤ ਅਤੇ ਹਿੰਸਾ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ ਅਤੇ ਨਾ ਹੀ ਉਹ ਆਰਥਕ ਰੂਪ ਨਾਲ ਮਜ਼ਬੂਤ ਹੋ ਸਕਦਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਅਡਾਨੀ ਖਿਲਾਫ਼ ਜਾਂਚ ਨਹੀਂ ਕਰ ਸਕਦੇ, ਕਿਉਂਕਿ ਇਸ ਕਦਮ ਨਾਲ ਉਦਯੋਗਪਤੀਆਂ ਨੂੰ ਨਹੀਂ, ਬਲਕਿ ਕਿਸੇ ਹੋਰ ਨੂੰ ਨੁਕਸਾਨ ਹੋਵੇਗਾ। ਉਹਨਾ ਕਿਹਾ ਕੁਝ ਦਿਨ ਪਹਿਲਾ ਆਰਥਕ ਮਾਮਲਿਆਂ ਬਾਰੇ ਦੁਨੀਆ ਦੇੇ ਸਭ ਤੋਂ ਵੱਡੇ ਅਖ਼ਬਾਰ ਨੇ ਲਿਖਿਆ ਸੀ ਕਿ ਨਰੇਂਦਰ ਮੋਦੀ ਦੇ ਕਰੀਬੀ ਅਡਾਨੀ ਨੇ ਹਿੰਦੁਸਤਾਨ ਤੋਂ ਹਜ਼ਾਰਾਂ ਕਰੋੜ ਰੁਪਏ ਬਾਹਰ ਭੇਜੇ ਅਤੇ ਉਸ ਪੈਸੇ ਨਾਲ ਸਟਾਕ ਮਾਰਕੀਟ ’ਚ ਆਪਣੇ ਸ਼ੇਅਰਾਂ ਦੀਆਂ ਕੀਮਤਾਂ ਵਧਾਈਆਂ। ਉਨ੍ਹਾ ਕਿਹਾ ਕਿ ਪ੍ਰਧਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਅਤੇ ਛੱਤੀਸਗੜ੍ਹ ਦੇ ਨੌਜਵਾਨਾਂ ਨੂੰ ਦੱਸਣਾ ਚਾਹੀਦਾ ਕਿ ਉਹ ਅਡਾਨੀ ਦੀ ਜਾਂਚ ਕਿਉਂ ਨਹੀਂ ਕਰਾ ਰਹੇ। ਇਸ ਕਹਿੜੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਾਂਚ ਨਹੀਂ ਕਰਵਾ ਰਹੇ। ਉਨ੍ਹਾ ਕਿਹਾ ਕਿ ਹਿੰਦੁਸਤਾਨ ਤੋਂ ਹਜ਼ਾਰਾਂ ਕਰੋੜ ਬਾਹਰ ਗਏ, ਉਹ ਕਿਸ ਦਾ ਪੈਸਾ ਸੀ। ਉਹ ਅਡਾਨੀ ਦਾ ਪੈਸਾ ਨਹੀਂ ਸੀ, ਕਿਸੇ ਹੋਰ ਦਾ ਪੈਸਾ ਸੀ। ਉਨ੍ਹਾ ਕਿਹਾ, ‘ਮੈਂ ਤੁਹਾਨੂੰ ਸਾਫ਼ ਕਰਾ ਦਿੰਦਾ ਹਾਂ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਅਡਾਨੀ ਦੀ ਕੋਈ ਜਾਂਚ ਨਹੀਂ ਕਰਵਾ ਸਕਦੇ, ਕਿਉਂਕਿ ਜਾਂਚ ਦਾ ਨਤੀਜਾ ਨਿਕਲ ਗਿਆ ਤਾਂ ਉਸ ਦਾ ਨੁਕਸਾਨ ਅਡਾਨੀ ਨੂੰ ਨਹੀਂ, ਕਿਸੇ ਹੋਰ ਨੂੰ ਹੋਵੇਗਾ।’ ਭਾਜਪਾ ਅਤੇ ਨਰੇਂਦਰ ਮੋਦੀ ਹਿੰਦੁਸਤਾਨ ਦੇ ਦੋ-ਤਿੰਨ ਅਰਬਪਤੀਆਂ ਲਈ ਕੰਮ ਕਰਦੇ ਹਨ, ਨਾਂਅ ਤੁਸੀਂ ਜਾਣਦੇ ਹੀ ਹੋ। ਰਾਹੁਲ ਨੇ ਆਪਣੇ ਸੰਬੋਧਨ ’ਚ ਕਿਹਾ, ‘ਕੁਝ ਮਹੀਨੇ ਪਹਿਲਾਂ ਕਰਨਾਟਕ ’ਚ ਚੋਣਾਂ ਹੋਈਆਂ, ਇੱਕ ਪਾਸੇ ਭਾਜਪਾ ਅਤੇ ਉਨ੍ਹਾ ਦੀ ਵਿਚਾਰਧਾਰਾ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਸੀ। ਉਨ੍ਹਾਂ ਦਾ ਕੰਮ ਲੋਕਾਂ ਨੂੰ ਵੰਡਣ ਦਾ, ਨਫ਼ਰਤ ਦਾ, ਹਿੰਸਾ ਫੈਲਾਉਣ ਦਾ ਹੈ। ਸਾਡਾ ਕੰਮ ਲੋਕਾਂ ਨੂੰ ਜੋੜਨ ਦਾ ਅਤੇ ਨਫ਼ਰਤ ਦੇ ਬਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹਣ ਦਾ ਹੈ।’





