ਚੰਡੀਗੜ੍ਹ (ਗੁਰਜੀਤ ਬਿੱਲਾ)-ਮਾਲੀਆ ਅਫਸਰਾਂ ਦੀ ਜ਼ਿੱਦ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਣੀ ਯਕੀਨੀ ਬਣਾਉਣ ਲਈ ਆਪਣੀ ਯੋਜਨਾ ਦਾ ਖੁਲਾਸਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀਆਂ ਦੀਆਂ ਸਾਰੀਆਂ ਖਾਲੀ ਆਸਾਮੀਆਂ ਭਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਟਵਾਰੀਆਂ ਦੀ ਹਾਜ਼ਰੀ ਬਾਇਓ ਮੀਟਰਿਕ ਰਾਹੀਂ ਲੱਗਣੀ ਯਕੀਨੀ ਬਣਾਈ ਜਾਵੇਗੀ। ਸ਼ਨੀਵਾਰ ਜਾਰੀ ਇਕ ਬਿਆਨ ’ਚ ਮੁੱਖ ਮੰਤਰੀ ਨੇ ਕਿਹਾ, ‘ਇਹ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰੀ ਅਧਿਕਾਰੀਆਂ ਦੀ ਕਿਸੇ ਹੜਤਾਲ ਕਾਰਨ ਆਮ ਆਦਮੀ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਪਟਵਾਰੀਆਂ ਦੀਆਂ ਕੁੱਲ 3660 ਆਸਾਮੀਆਂ ਹਨ, ਜਿਨ੍ਹਾਂ ’ਚੋਂ 1623 ਆਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾ ਕਿਹਾ ਕਿ ਵਡੇਰੇ ਜਨਤਕ ਹਿੱਤ ਨੂੰ ਧਿਆਨ ’ਚ ਰੱਖਦਿਆਂ ਸੂਬਾ ਸਰਕਾਰ ਨੇ ਹੁਣ 2037 ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ ਅਤੇ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਵੀ ਸਮਾਂਬੱਧ ਤਰੀਕੇ ਨਾਲ ਭਰੀਆਂ ਜਾਣਗੀਆਂ। ਉਹਨਾ ਕਿਹਾ ਕਿ ਇਨ੍ਹਾਂ 2037 ਆਸਾਮੀਆਂ ਵਿੱਚੋਂ 741 ਪਟਵਾਰੀਆਂ ਨੇ ਪਹਿਲਾਂ ਹੀ ਲਾਜ਼ਮੀ 18 ਮਹੀਨਿਆਂ ਦੀ ਸਿਖਲਾਈ ’ਚੋਂ 15 ਮਹੀਨਿਆਂ ਦੀ ਸਿਖਲਾਈ ਪੂਰੀ ਕਰ ਲਈ ਹੈ। ਇਨ੍ਹਾਂ ਨੂੰ ਫੀਲਡ ਵਿੱਚ ਰੈਗੂਲਰ ਪਟਵਾਰੀ ਵਜੋਂ ਡਿਊਟੀ ਉਤੇ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ 710 ਪਟਵਾਰੀਆਂ ਦੀ ਪਹਿਲਾਂ ਹੀ ਚੋਣ ਕਰ ਲਈ ਗਈ ਹੈ, ਪਰ ਕਈ ਰਸਮੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਹਾਲੇ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ’ਚ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਮਾਨ ਨੇ ਕਿਹਾ ਕਿ ਪਟਵਾਰੀਆਂ ਦੀਆਂ 586 ਅਸਾਮੀਆਂ ਦੀ ਭਰਤੀ ਲਈ ਜਲਦੀ ਇਸ਼ਤਿਹਾਰ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਆਪਣਾ ਕੰਮ ਕਰਵਾਉਣ ਲਈ ਪਟਵਾਰੀਆਂ ਵੱਲੋਂ ਅਗਾਂਹ ਕੁਝ ਬੰਦੇ ਰੱਖਣ ਦੇ ਰੁਝਾਨ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਟਵਾਰੀਆਂ ਦੀ ਬਾਇਓ ਮੀਟਰਕ ਹਾਜ਼ਰੀ ਲਾਜ਼ਮੀ ਕੀਤੀ ਜਾਵੇਗੀ। ਇਸ ਨਾਲ ਦਫਤਰੀ ਘੰਟਿਆਂ ਦੌਰਾਨ ਪਟਵਾਰੀ ਲੋਕਾਂ ਦੇ ਕੰਮਾਂ ’ਚ ਕੋਈ ਅੜਿੱਕਾ ਡਾਹੁਣ ਦੀ ਥਾਂ ਪੂਰੀ ਤਨਦੇਹੀ ਨਾਲ ਆਪਣਾ ਫਰਜ ਨਿਭਾਉਣਗੇ। ਉਹਨਾ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ-ਸੁਥਰਾ, ਕਾਰਜਕੁਸ਼ਲ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।





