ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ ਸਮੇਂ-ਸਮੇਂ ‘ਤੇ ਅਜਿਹੀਆਂ ਰਿਪੋਰਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਹੜੀਆਂ ਦਰਸਾਉਂਦੀਆਂ ਹਨ ਕਿ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਧਨਾਢਾਂ ਤੇ ਮੁਲਜ਼ਮਾਂ ਨਾਲ ਭਰੀਆਂ ਪਈਆਂ ਹਨ | ਦੋਹਾਂ ਸੰਸਥਾਵਾਂ ਵੱਲੋਂ ਰਾਜ ਸਭਾ ਬਾਰੇ ਜਿਹੜੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ, ਉਸ ਮੁਤਾਬਕ ਰਾਜ ਸਭਾ ਦੇ 31 ਫੀਸਦੀ ਮੈਂਬਰਾਂ ਖਿਲਾਫ ਫੌਜਦਾਰੀ ਮਾਮਲੇ ਦਰਜ ਹਨ, ਜਦਕਿ ਮੈਂਬਰਾਂ ਦੀ ਔਸਤ ਸੰਪਤੀ 79 ਕਰੋੜ 54 ਲੱਖ ਰੁਪਏ ਹੈ | ਇਨ੍ਹਾਂ ਨੇ ਵਰਤਮਾਨ 233 ਮੈਂਬਰਾਂ ਵਿਚੋਂ 226 ਮੈਂਬਰਾਂ ਦੇ ਫੌਜਦਾਰੀ ਮਾਮਲਿਆਂ ਤੇ ਉਨ੍ਹਾਂ ਦੀ ਵਿੱਤੀ ਹਾਲਤ ਦੀ ਪੜਤਾਲ ਕੀਤੀ | ਰਾਜ ਸਭਾ ਦੀ ਇਕ ਸੀਟ ਖਾਲੀ ਹੈ ਤੇ ਦੋ ਮੈਂਬਰਾਂ ਦੀ ਪੜਤਾਲ ਇਸ ਕਰਕੇ ਨਹੀਂ ਹੋ ਸਕੀ, ਕਿਉਂਕਿ ਉਨ੍ਹਾਂ ਦੇ ਹਲਫਨਾਮੇ ਉਪਲੱਬਧ ਨਹੀਂ ਸੀ ਅਤੇ ਰਾਜ ਦੇ ਦਰਜੇ ਦੇ ਖਾਤਮੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਚਾਰ ਸੀਟਾਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ | ਰਿਪੋਰਟ ਮੁਤਾਬਕ 226 ਮੈਂਬਰਾਂ ਵਿੱਚੋਂ 197 ਯਾਨੀ 87 ਫੀਸਦੀ ਕਰੋੜਪਤੀ ਹਨ ਤੇ ਇਨ੍ਹਾਂ ਦੀ ਔਸਤ ਸੰਪਤੀ 79 ਕਰੋੜ 54 ਲੱਖ ਰੁਪਏ ਹਨ | 226 ਵਿਚੋਂ 71 ਯਾਨੀ 31 ਫੀਸਦੀ ਨੇ ਹਲਫਨਾਮਿਆਂ ਵਿਚ ਆਪਣੇ ਵਿਰੁੱਧ ਫੌਜਦਾਰੀ ਮਾਮਲਿਆਂ ਦਾ ਇਕਬਾਲ ਕੀਤਾ ਹੈ, ਜਦਕਿ 37 ਯਾਨੀ 16 ਫੀਸਦੀ ਨੇ ਉਨ੍ਹਾਂ ਵਿਰੁੱਧ ਗੰਭੀਰ ਫੌਜਦਾਰੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ | ਦੋ ਮੈਂਬਰਾਂ ਨੇ ਕਤਲ ਤੇ ਚਾਰ ਮੈਂਬਰਾਂ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਚਲਦੇ ਹੋਣ ਦੀ ਗੱਲ ਮੰਨੀ ਹੈ | ਚਾਰ ਮੈਂਬਰਾਂ ਨੇ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲੇ ਮੰਨੇ ਹਨ | ਜਿਨ੍ਹਾਂ ਨੇ ਫੌਜਦਾਰੀ ਮਾਮਲੇ ਮੰਨੇ ਹਨ, ਉਨ੍ਹਾਂ ਵਿਚ ਭਾਜਪਾ ਦੇ 85 ਵਿਚੋਂ 20, ਕਾਂਗਰਸ ਦੇ 31 ਵਿਚੋਂ 12, ਤਿ੍ਣਮੂਲ ਕਾਂਗਰਸ ਦੇ 13 ਵਿਚੋਂ 3, ਰਾਸ਼ਟਰੀ ਜਨਤਾ ਦਲ ਦੇ 6 ਵਿਚੋਂ 5, ਮਾਰਕਸੀ ਪਾਰਟੀ ਦੇ 5 ਵਿਚੋਂ 4, ਆਮ ਆਦਮੀ ਪਾਰਟੀ ਦੇ 10 ਵਿਚੋਂ 3, ਵਾਈ ਐੱਸ ਆਰ ਕਾਂਗਰਸ ਦੇ 9 ਵਿਚੋਂ 3 ਅਤੇ ਐੱਨ ਸੀ ਪੀ ਦੇ 4 ਵਿਚੋਂ 2 ਮੈਂਬਰ ਸ਼ਾਮਲ ਹਨ | ਭਾਜਪਾ ਦੇ 11, ਕਾਂਗਰਸ ਦੇ 8, ਤਿ੍ਣਮੂਲ ਕਾਂਗਰਸ ਦੇ 1, ਰਾਸ਼ਟਰੀ ਜਨਤਾ ਦਲ ਦੇ 3, ਮਾਰਕਸੀ ਪਾਰਟੀ ਦੇ 2, ਆਮ ਆਦਮੀ ਪਾਰਟੀ ਦੇ 1, ਵਾਈ ਐੱਸ ਆਰ ਕਾਂਗਰਸ ਦੇ 3 ਅਤੇ ਐੱਨ ਸੀ ਪੀ ਦੇ 1 ਮੈਂਬਰ ਨੇ ਗੰਭੀਰ ਫੌਜਦਾਰੀ ਮਾਮਲੇ ਮੰਨੇ ਹਨ | ਰਾਜਾਂ ਦੇ ਹਿਸਾਬ ਨਾਲ ਰਾਜ ਸਭਾ ਵਿਚ ਯੂ ਪੀ ਦੇ 31 ਵਿਚੋਂ 7, ਮਹਾਰਾਸ਼ਟਰ ਦੇ 19 ਵਿਚੋਂ 12, ਤਾਮਿਲਨਾਡੂ ਦੇ 18 ਵਿਚੋਂ 6, ਪੱਛਮੀ ਬੰਗਾਲ ਦੇ 16 ਵਿਚੋਂ 3, ਕੇਰਲਾ ਦੇ 9 ਵਿਚੋਂ 6 ਤੇ ਬਿਹਾਰ ਦੇ 16 ਵਿਚੋਂ 10 ਮੈਂਬਰਾਂ ਨੇ ਆਪਣੇ ਖਿਲਾਫ ਫੌਜਦਾਰੀ ਮਾਮਲੇ ਕਬੂਲੇ ਹਨ | ਇਨ੍ਹਾਂ ਅੰਕੜਿਆਂ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਦੁਨੀਆ ਦੀ ਖੁਦ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਵਾਲੇ ਦੇਸ਼ ਦੀ ਅਸਲੀਅਤ ਕੀ ਹੈ |