ਨਵੀਂ ਦਿੱਲੀ : ਪੈਗੰਬਰ ਬਾਰੇ ਵਿਵਾਦਤ ਬਿਆਨ ਦੇਣ ਲਈ ਭਾਜਪਾ ਦੀ ਮੁਅੱਤਲਸ਼ੁਦਾ ਤਰਜਮਾਨ ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਤਿੱਖੀ ਝਾੜ ਪਾਉਂਦਿਆਂ ਕਿਹਾ ਕਿ ਉਹ ਆਪਣੇ ਬੋਲਾਂ ਲਈ ਦੇਸ਼ ਤੋਂ ਮੁਆਫੀ ਮੰਗੇ | ਕੋਰਟ ਨੇ ਸਖਤ ਲਹਿਜੇ ਵਿਚ ਕਿਹਾ ਕਿ ਉਸ ਦੀ ਬਦਜ਼ੁਬਾਨੀ ਨੇ ਦੇਸ਼ ਵਿਚ ਜਜ਼ਬਾਤ ਭੜਕਾਅ ਦਿੱਤੇ | ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ, ਉਸ ਲਈ ਨੂਪੁਰ ਹੀ ਜ਼ਿੰਮੇਵਾਰ ਹੈ | ਉਸ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਹੈ ਤੇ ਉਹ ਟੀ ਵੀ ‘ਤੇ ਆ ਕੇ ਦੇਸ਼ ਤੋਂ ਮੁਆਫੀ ਮੰਗੇ |
ਸੁਣਵਾਈ ਦੌਰਾਨ ਉਦੈਪੁਰ ਕਾਂਡ ਦਾ ਵੀ ਜ਼ਿਕਰ ਹੋਇਆ, ਜਿੱਥੇ ਭੜਕੇ ਜਜ਼ਬਾਤ ਕਾਰਨ ਇਕ ਦਰਜ਼ੀ ਨੂੰ ਕਤਲ ਕਰ ਦਿੱਤਾ ਗਿਆ | ਕੋਰਟ ਨੇ ਕਿਹਾ-ਨੂਪੁਰ ਨੇ ਆਪਣੀ ਬਦਜ਼ੁਬਾਨੀ ਨਾਲ ਗੈਰ-ਜ਼ਿੰਮੇਵਾਰਾਨਾ ਗੱਲਾਂ ਕਹੀਆਂ, ਬਿਨਾਂ ਇਹ ਸੋਚੇ ਕਿ ਇਸ ਦਾ ਸਿੱਟਾ ਕੀ ਨਿਕਲੇਗਾ | ਜਸਟਿਸ ਸੂਰੀਆ ਕਾਂਤ ਤੇ ਜਸਟਿਸ ਜੇ ਬੀ ਪਰਦੀਵਾਲਾ ਦੀ ਬੈਂਚ ਨੇ ਕਿਹਾ ਕਿ ਨੂਪੁਰ ਨੇ ਟੈਲੀਵੀਯਨ ‘ਤੇ ਧਰਮ ਵਿਸ਼ੇਸ਼ ਖਿਲਾਫ ਉਕਸਾਉਣ ਵਾਲੀ ਟਿੱਪਣੀ ਕੀਤੀ | ਇਸ ਤੋਂ ਬਾਅਦ ਸ਼ਰਤਾਂ ਨਾਲ ਮੁਆਫੀ ਮੰਗੀ, ਉਹ ਵੀ ਉਦੋਂ ਜਦ ਲੋਕਾਂ ਦਾ ਗੁੱਸਾ ਭੜਕ ਚੁੱਕਾ ਸੀ | ਇਹ ਉਸ ਦੀ ਜ਼ਿੱਦ ਤੇ ਘੁਮੰਡ ਨੂੰ ਦਰਸਾਉਂਦਾ ਹੈ |
ਨੂਪੁਰ ਦੇ ਵਕੀਲ ਮਨਿੰਦਰ ਸਿੰਘ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਉਸ ਵਿਰੁੱਧ ਦੇਸ਼-ਭਰ ਵਿਚ ਦਰਜ ਕੇਸਾਂ ਨੂੰ ਸੁਣਵਾਈ ਲਈ ਦਿੱਲੀ ਟਰਾਂਸਫਰ ਕਰ ਦਿੱਤਾ ਜਾਵੇ | ਸੁਪਰੀਮ ਕੋਰਟ ਨੇ ਇਹ ਮੰਗ ਰੱਦ ਕਰ ਦਿੱਤੀ | ਕਾਫੀ ਝਾੜ ਪੈਣ ਤੋਂ ਬਾਅਦ ਮਨਿੰਦਰ ਸਿੰਘ ਨੇ ਅਰਜ਼ੀ ਵਾਪਸ ਲੈਣ ਦੀ ਆਗਿਆ ਮੰਗੀ, ਜਿਹੜੀ ਦੇ ਦਿੱਤੀ ਗਈ | ਹੁਣ ਨੂਪੁਰ ਸ਼ਰਮਾ ਨੂੰ ਉਨ੍ਹਾਂ ਸ਼ਹਿਰਾਂ ਦੇ ਗੇੜੇ ਲਾਉਣੇ ਪੈਣਗੇ, ਜਿੱਥੇ ਉਸ ਖਿਲਾਫ ਕੇਸ ਦਰਜ ਹੋਏ ਹਨ |
ਜਦੋਂ ਨੂਪੁਰ ਦੇ ਵਕੀਲ ਨੇ ਕਿਹਾ ਕਿ ਉਹ ਜਾਂਚ ਵਿਚ ਸ਼ਾਮਲ ਹੋ ਰਹੀ ਹੈ ਤੇ ਕਿਤੇ ਭੱਜ ਨਹੀਂ ਰਹੀ ਤਾਂ ਸੁਪਰੀਮ ਕੋਰਟ ਨੇ ਕਿਹਾ-ਕੀ ਤੁਹਾਡੇ ਲਈ ਲਾਲ ਗਲੀਚਾ ਵਿਛਾਈਏ | ਜਦੋਂ ਨੂਪੁਰ ਕਿਸੇ ਖਿਲਾਫ ਸ਼ਿਕਾਇਤ ਕਰਦੀ ਹੈ ਤਾਂ ਉਸ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਜਾਂਦਾ ਹੈ | ਉਸ ਦੇ ਦਬਦਬੇ ਕਾਰਨ ਕੋਈ ਵੀ ਉਸ ਨੂੰ ਛੂਹਣ ਦੀ ਹਿੰਮਤ ਨਹੀਂ ਕਰਦਾ | ਇਸ ਨਾਲ ਕੀ ਫਰਕ ਪੈਂਦਾ ਹੈ ਕਿ ਉਹ ਇਕ ਪਾਰਟੀ ਦੀ ਤਰਜਮਾਨ ਹੈ | ਉਹ ਸੋਚਦੀ ਹੈ ਕਿ ਉਸ ਨੂੰ ਸੱਤਾ ਦੀ ਹਮਾਇਤ ਹਾਸਲ ਹੈ ਤੇ ਉਹ ਕਾਨੂੰਨ ਦੇ ਖਿਲਾਫ ਜਾ ਕੇ ਕੁਝ ਵੀ ਬੋਲ ਸਕਦੀ ਹੈ |
ਜਦੋਂ ਨੂਪੁਰ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਸ ਲਈ ਸਫਰ ਕਰਨਾ ਵੀ ਸੁਰੱਖਿਅਤ ਨਹੀਂ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ-ਨੂਪੁਰ ਨੂੰ ਧਮਕੀਆਂ ਮਿਲ ਰਹੀਆਂ ਹਨ ਜਾਂ ਉਹ ਖੁਦ ਸੁਰੱਖਿਆ ਲਈ ਖਤਰਾ ਹੈ? ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ ਉਸ ਲਈ ਉਹੀ ਜ਼ਿੰਮੇਵਾਰ ਹੈ | ਪੈਗੰਬਰ ਖਿਲਾਫ ਨੂਪੁਰ ਸ਼ਰਮਾ ਨੇ ਟਿੱਪਣੀ ਜਾਂ ਤਾਂ ਸਸਤੇ ਪ੍ਰਚਾਰ, ਸਿਆਸੀ ਏਜੰਡੇ ਜਾਂ ਕੁਝ ਨਾਪਾਕ ਸਰਗਰਮੀਆਂ ਲਈ ਕੀਤੀ ਸੀ | ਇਹ ਧਾਰਮਿਕ ਲੋਕ ਨਹੀਂ ਹਨ ਤੇ ਭੜਕਾਉਣ ਲਈ ਹੀ ਬਿਆਨ ਦਿੰਦੇ ਹਨ | ਅਜਿਹੇ ਲੋਕ ਦੂਜੇ ਧਰਮ ਦੀ ਇੱਜ਼ਤ ਨਹੀਂ ਕਰਦੇ | ਅਸੀਂ ਦੇਖਿਆ ਹੈ ਕਿ ਬਹਿਸ ਦੌਰਾਨ ਨੂਪੁਰ ਨੇ ਕਿਵੇਂ ਉਕਸਾਉਣ ਵਾਲੀ ਗੱਲ ਕਹੀ, ਉਸ ਦੇ ਬਾਅਦ ਵੀ ਕਹਿੰਦੀ ਹੈ ਕਿ ਮੈਂ ਵਕੀਲ ਹਾਂ ਤੇ 10 ਸਾਲਾਂ ਦਾ ਵਕਾਲਤ ਦਾ ਤਜਰਬਾ ਹੈ | ਇਹ ਸ਼ਰਮਨਾਕ ਹੈ | ਨੂਪੁਰ ਨੂੰ ਸਾਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ | ਉਸ ਦੀ ਪਟੀਸ਼ਨ ਉਸ ਦੇ ਘੁਮੰਡ ਨੂੰ ਦਰਸਾਉਂਦੀ ਹੈ | ਉਹ ਹੇਠਲੀ ਅਦਾਲਤ ਵਿਚ ਜਾਣ ਦੀ ਥਾਂ ਸਿੱਧੀ ਸੁਪਰੀਮ ਕੋਰਟ ਪੁੱਜ ਗਈ | ਦੇਸ਼-ਭਰ ਦੀਆਂ ਮੈਜਿਸਟ੍ਰੇਟ ਅਦਾਲਤਾਂ ਉਸ ਲਈ ਛੋਟੀਆਂ ਹਨ | ਸੁਪਰੀਮ ਕੋਰਟ ਨੇ ਵਿਵਾਦਤ ਬਹਿਸ ਕਰਾਉਣ ਵਾਲੇ ਟੀ ਵੀ ਚੈਨਲ ਤੇ ਦਿੱਲੀ ਪੁਲਸ ਨੂੰ ਵੀ ਫਟਕਾਰਿਆ | ਉਸ ਨੇ ਕਿਹਾ, ਦਿੱਲੀ ਪੁਲਸ ਨੇ ਕੀ ਕੀਤਾ? ਸਾਨੂੰ ਮੂੰਹ ਖੋਲ੍ਹਣ ਲਈ ਮਜਬੂਰ ਨਾ ਕਰੋ? ਟੀ ਵੀ ਉੱਤੇ ਬਹਿਸ ਕਿਸ ਬਾਰੇ ਸੀ? ਇਸ ਨਾਲ ਕੇਵਲ ਇਕ ਏਜੰਡਾ ਸੈੱਟ ਕੀਤਾ ਜਾ ਰਿਹਾ ਸੀ | ਟੀ ਵੀ ਵਾਲਿਆਂ ਨੇ ਅਜਿਹਾ ਮੁੱਦਾ ਕਿਉਂ ਚੁਣਿਆ, ਜਿਸ ਉੱਤੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ? ਬਹਿਸ ਕਰਾਉਣ ਵਾਲਿਆਂ ‘ਤੇ ਵੀ ਕੇਸ ਹੋਣਾ ਚਾਹੀਦਾ | ਸੁਣਵਾਈ ਦੌਰਾਨ ਜਦੋਂ ਵਕੀਲ ਨੇ ਕਿਹਾ ਕਿ ਨੂਪੁਰ ਨੇ ਤਾਂ ਬਹਿਸ ਕਰਾਉਣ ਵਾਲੀ ਐਂਕਰ ਦੇ ਸਵਾਲ ਦਾ ਜਵਾਬ ਦਿੱਤਾ ਸੀ | ਹਰ ਨਾਗਰਿਕ ਨੂੰ ਬੋਲਣ ਦਾ ਹੱਕ ਹੈ, ਤਾਂ ਫਾਜ਼ਲ ਜੱਜਾਂ ਨੇ ਕਿਹਾ-ਜਮਹੂਰੀਅਤ ਵਿਚ ਹਰੇਕ ਨੂੰ ਬੋਲਣ ਦਾ ਹੱਕ ਹੈ | ਜਮਹੂਰੀਅਤ ਵਿਚ ਘਾਹ ਨੂੰ ਵਧਣ ਦਾ ਹੱਕ ਹੈ ਅਤੇ ਖੋਤੇ ਨੂੰ ਖਾਣ ਦਾ ਹੱਕ ਹੈ | ਪੱਤਰਕਾਰਿਤਾ ਦੀ ਆਜ਼ਾਦੀ ਦਾ ਹਵਾਲਾ ਦੇ ਕੇ ਉਹ ਬਚ ਨਹੀਂ ਸਕਦੀ | ਉਸ ਨੂੰ ਪੱਤਰਕਾਰਾਂ ਨਾਲ ਮੇਚਿਆ ਨਹੀਂ ਜਾ ਸਕਦਾ, ਜਦੋਂ ਉਹ ਟੀ ਵੀ ਬਹਿਸ ਵਿਚ ਇਹ ਸੋਚੇ ਬਿਨਾਂ ਗੈਰਜ਼ਿੰਮੇਵਾਰਾਨਾ ਬਿਆਨ ਦਿੰਦੀ ਹੈ ਕਿ ਇਸ ਦਾ ਸਮਾਜ ਦੇ ਤਾਣੇ-ਬਾਣੇ ‘ਤੇ ਕੀ ਅਸਰ ਹੋਵੇਗਾ |