ਗੁਰੂਗ੍ਰਾਮ : ਹਰਿਆਣਾ ਪੁਲਸ ਨੇ ਬਜਰੰਗ ਦਲ ਦੇ ਆਗੂ ਤੇ ਗਊ ਰੱਖਿਅਕ ਮੋਹਿਤ ਯਾਦਵ ਉਰਫ ਮੋਨੂੰ ਮਾਨੇਸਰ ਨੂੰ ਫਰਜ਼ੀ ਨਾਂਅ ’ਤੇ ਸੋਸ਼ਲ ਮੀਡੀਆ ’ਤੇ ਕਾਬਿਲੇ-ਇਤਰਾਜ਼ ਤੇ ਅੱਗ-ਲਾਊ ਪੋਸਟਾਂ ਅਪਲੋਡ ਕਰਨ ਦੇ ਦੋਸ਼ ਵਿਚ ਮੰਗਲਵਾਰ ਗਿ੍ਰਫਤਾਰ ਕਰ ਲਿਆ।
ਸੂਤਰਾਂ ਮੁਤਾਬਕ 31 ਜੁਲਾਈ ਦੀ ਹਿੰਸਾ ਤੋਂ ਬਾਅਦ ਨੂਹ ਪੁਲਸ ਕਾਬਲੇ-ਇਤਰਾਜ਼ ਤੱਤਾਂ ਵਾਲੀਆਂ ਪੋਸਟਾਂ ਨੂੰ ਲਗਾਤਾਰ ਸਕੈਨ ਕਰ ਰਹੀ ਸੀ। ਇਕ ਬੰਦੇ ਵੱਲੋਂ ਅਜਿਹੀਆਂ ਕਈ ਪੋਸਟਾਂ ਪਾਉਣ ਦਾ ਪਤਾ ਲੱਗਿਆ। ਉਹ ਮੋਨੂੰ ਮਾਨੇਸਰ ਹੀ ਨਿਕਲਿਆ, ਜਿਹੜਾ ਫਰਜ਼ੀ ਨਾਂਅ ’ਤੇ ਪੋਸਟਾਂ ਪਾ ਰਿਹਾ ਸੀ। ਉਸ ਨੂੰ ਮਾਨੇਸਰ ਦੇ ਸੈਕਟਰ 1 ਦੇ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਹਿਰਾਸਤ ’ਚ ਲਿਆ ਗਿਆ।
ਪੁਲਸ ਨੇ ਉਸ ਨੂੰ ਰਿਮਾਂਡ ਲਈ ਨੂਹ ਦੀ ਕੋਰਟ ਵਿਚ ਪੇਸ਼ ਕੀਤਾ, ਪਰ ਕੋਰਟ ਨੇ ਉਸ ਨੂੰ ਪੁਲਸ ਹਵਾਲੇ ਕਰਨ ਦੀ ਥਾਂ ਜੁਡੀਸ਼ੀਅਲ ਹਿਰਾਸਤ ’ਚ ਘੱਲ ਦਿੱਤਾ।
ਮੋਨੂੰ ਨੂੰ ਰਾਜਸਥਾਨ ਦੇ ਦੋ ਚਚੇਰੇ ਭਰਾਵਾਂ ਜੁਨੈਦ (35) ਤੇ ਨਾਸਿਰ (27) ਦੀ ਹੱਤਿਆ ਕਰਨ ਦੇ ਦੋਸ਼ ’ਚ ਫਰਵਰੀ ’ਚ ਸਹਿ-ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਹ ਨੂਹ ਵਿਚ ਭੜਕੀ ਹਿੰਸਾ ਲਈ ਵੀ ਕਥਿਤ ਤੌਰ ’ਤੇ ਜ਼ਿੰਮੇਵਾਰ ਦੱਸਿਆ ਜਾਂਦਾ ਹੈ। ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਦੇ ਪਿੰਡ ਘਟਮੀਕਾ ਦੇ ਪਸ਼ੂ ਵਪਾਰੀ ਜੁਨੈਦ ਤੇ ਨਾਸਿਰ ਦੀਆਂ ਸੜੀਆਂ ਲਾਸ਼ਾਂ 16 ਫਰਵਰੀ ਨੂੰ ਹਰਿਆਣਾ ਦੇ ਭਿਵਾਨੀ ਦੇ ਪਿੰਡ ਲੋਹਾਰੂ ’ਚ ਬੋਲੈਰੋ ਵਿੱਚੋਂ ਮਿਲੀਆਂ ਸਨ। ਇਸ ਮਾਮਲੇ ਵਿਚ ਦਰਜ ਐੱਫ ਆਈ ਆਰ ਵਿਚ ਸ਼ਾਮਲ 21 ਮੁਲਜ਼ਮਾਂ ਵਿਚ ਮੋਨੂੰ ਦਾ ਨਾਂਅ ਹੈ। ਸੋਸ਼ਲ ਮੀਡੀਆ ’ਤੇ ਪੋਸਟਾਂ ਵਿਚ ਕਿਹਾ ਗਿਆ ਸੀ ਕਿ ਮੋਨੂੰ ਨੂਹ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵੱਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਵੇਗਾ। ਯਾਤਰਾ ਦੌਰਾਨ ਮੁਸਲਮ ਆਬਾਦੀ ਵਾਲੇ ਇਲਾਕਿਆਂ ’ਚ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ। ਹਿੰਸਾ ਵਿਚ ਛੇ ਵਿਅਕਤੀ ਮਾਰੇ ਗਏ ਸਨ। ਇਹ ਹਿੰਸਾ ਗੁਰੂਗ੍ਰਾਮ ਤੇ ਹੋਰਨਾਂ ਇਲਾਕਿਆਂ ਤੱਕ ਫੈਲ ਗਈ ਸੀ। ਦੋਸ਼ ਹੈ ਕਿ ਮੋਨੂੰ ਨੇ ਮੁਸਲਮਾਨਾਂ ਖਿਲਾਫ ਹਿੰਸਾ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ। ਮੋਨੂੰ ਦੀ ਗਿ੍ਰਫਤਾਰੀ ਦੀ ਮੰਗ ਦਰਮਿਆਨ ਉਸ ਦੇ ਹੱਕ ਵਿਚ ਦੋ ਹਿੰਦੂ ਮਹਾਂ ਪੰਚਾਇਤਾਂ ਵੀ ਹੋਈਆਂ ਸਨ।
ਰਾਜਸਥਾਨ ਪੁਲਸ ਨੂੰ ਉਸ ਨੂੰ ਹਾਸਲ ਕਰਨ ਲਈ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਲੈਣਾ ਪਵੇਗਾ। ਭਰਤਪੁਰ ਪੁਲਸ ਨੇ ਮੋਨੂੰ ਮਾਨੇਸਰ ਸਣੇ ਕਈ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ ਤੇ ਕੇਸ ਵਿਚ ਫਰਾਰ 8 ਮੁਲਜ਼ਮਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਸਨ।
ਜੁਨੈਦ ਦੇ ਚਚੇਰੇ ਭਰਾ ਇਸਮਾਈਲ ਨੇ ਦੋਸ਼ ਲਾਇਆ ਸੀ ਕਿ ਜੁਨੈਦ ਤੇ ਨਾਸਿਰ 14 ਫਰਵਰੀ ਨੂੰ ਭੋਰੂਬਾਸ ਸਿਕਰੀ ਪਿੰਡ ਗਏ ਸਨ, ਜਿੱਥੇ ਉਨ੍ਹਾਂ ਦੇ ਭਰਾ ਦੇ ਸਹੁਰੇ ਹਨ। ਰਾਤ ਉਥੇ ਰੁਕ ਕੇ 15 ਫਰਵਰੀ ਨੂੰ ਘਰ ਪਰਤ ਰਹੇ ਸਨ। ਰਾਹ ਵਿਚ ਬਜਰੰਗਦਲੀਆਂ ਨੇ ਰੋਕ ਕੇ ਨਾਂਅ ਪੁੱਛੇ। ਇਸ ਦੇ ਬਾਅਦ ਦੋਹਾਂ ਨੂੰ ਬੋਲੈਰੋ ਵਿੱਚੋਂ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਦੋਨੋਂ ਬੋਲੈਰੋ ਭਜਾ ਕੇ ਲੈ ਗਏ। ਬਜਰੰਗਦਲੀਆਂ ਨੇ ਪਿੱਛਾ ਕਰਕੇ ਫੜ ਲਏ ਅਤੇ ਕੁੱਟਮਾਰ ਕਰਨ ਤੋਂ ਬਾਅਦ ਦੋਹਾਂ ਨੂੰ ਫਿਰੋਜ਼ਪੁਰ ਝਿਰਕਾ ਥਾਣੇ ਲੈ ਗਏ। ਦੋਹਾਂ ਨੂੰ ਪੁਲਸ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਹਾਲਤ ਦੇਖ ਕੇ ਪੁਲਸ ਨੇ ਆਪਣੇ ਕਬਜ਼ੇ ਵਿਚ ਲੈਣ ਤੋਂ ਨਾਂਹ ਕਰ ਦਿੱਤੀ। ਦੋਹਾਂ ਦੇ ਪਰਵਾਰਾਂ ਮੁਤਾਬਕ ਮੋਨੂੰ ਮਾਨੇਸਰ, ਰਿੰਕੂ ਸੈਨੀ ਤੇ 7-8 ਹੋਰ ਜਣੇ ਉਨ੍ਹਾਂ ਨੂੰ ਭਿਵਾਨੀ ਲੈ ਗਏ ਅਤੇ ਪਿਛਲੀ ਸੀਟ ’ਤੇ ਬਿਠਾ ਕੇ ਬੋਲੈਰੋ ਨੂੰ ਅੱਗ ਲਾ ਦਿੱਤੀ। ਸੋਸ਼ਲ ਮੀਡੀਆ ’ਤੇ ਖਬਰ ਚੱਲਣ ਤੋਂ ਬਾਅਦ ਪਤਾ ਲੱਗਾ ਕਿ ਦੋਹਾਂ ਦੀ ਮੌਤ ਹੋ ਗਈ ਹੈ। ਗੱਡੀ ਦੇ ਇੰਜਣ ਤੇ ਚੈਸੀ ਦੇ ਨੰਬਰ ਤੋਂ ਪਤਾ ਲੱਗਾ ਕਿ ਮਰਨ ਵਾਲੇ ਜੁਨੈਦ ਤੇ ਨਾਸਿਰ ਸਨ।
ਮੋਨੂੰ ਮਾਨੇਸਰ ਦੀ ਗਿ੍ਰਫਤਾਰੀ ਦੀ ਟਾਈਮਿੰਗ ਇਸ ਪੱਖੋਂ ਅਹਿਮ ਹੈ ਕਿ ਰਾਜਸਥਾਨ ਅਸੰਬਲੀ ਦੀਆਂ ਚੋਣਾਂ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਹਨ। ਭਾਜਪਾ ਨੂੰ ਲੱਗਦਾ ਸੀ ਕਿ ਨੂਹ ਵਿਚ ਮੁਸਲਮ ਵਿਰੋਧੀ ਹਿੰਸਾ ਕਾਰਨ ਰਾਜਸਥਾਨ ਵਿਚ ਉਸ ਦੀਆਂ ਵੋਟਾਂ ਵਧ ਸਕਦੀਆਂ ਹਨ, ਪਰ ਇਸ ਵੇਲੇ ਦੇ ਮਾਹੌਲ ਤੋਂ ਸ਼ਾਇਦ ਭਾਜਪਾ ਨੂੰ ਲੱਗਿਆ ਕਿ ਮੋਨੂੰ ਨੂੰ ਖੁੱਲ੍ਹਾ ਛੱਡਣ ਦਾ ਦਾਅ ਉਸ ਨੂੰ ਮਹਿੰਗਾ ਪੈ ਸਕਦਾ ਹੈ। ਰਾਜਸਥਾਨ ਵਿਚ ਹੁਕਮਰਾਨ ਕਾਂਗਰਸ ਇਹ ਪ੍ਰਚਾਰ ਕਰ ਸਕਦੀ ਹੈ ਕਿ ਰਾਜਸਥਾਨ ਦੇ ਲੋਕਾਂ ਨੂੰ ਮਾਰਨ ਵਾਲਿਆਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਬਚਾਅ ਰਹੀ ਹੈ।