ਹਾਲ ਹੀ ਵਿਚ ਦਿੱਲੀ ’ਚ ਸੰਪੰਨ ਹੋਏ ਜੀ-20 ਸਿਖਰ ਸੰਮੇਲਨ ਉੱਤੇ ਹੋਏ ਖਰਚ ਦਾ ਮੁੱਦਾ ਕਾਫੀ ਭਖ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਵਿਚ ਇਸ ਲਈ 990 ਕਰੋੜ ਰੁਪਏ ਰੱਖੇ ਸਨ, ਪਰ ਜਾਣਕਾਰੀਆਂ ਹਨ ਕਿ ਖਰਚ ਚਾਰ ਗੁਣਾ ਵੱਧ, ਯਾਨੀ ਕਿ 4100 ਕਰੋੜ ਰੁਪਏ ਹੋਇਆ ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਲਗਭਗ 4100 ਕਰੋੜ ਰੁਪਏ ਖਰਚ ਦਾ ਅਨੁਮਾਨ ਲਾਉਣ ਤੋਂ ਬਾਅਦ ਹੰਗਾਮਾ ਮਚ ਗਿਆ ਹੈ। ਸਾਰੇ ਵਿਭਾਗਾਂ ਦਾ ਪੂਰਾ ਲੇਖਾ-ਜੋਖਾ ਹੋਣ ਤੋਂ ਬਾਅਦ ਖਰਚ ਦੀ ਰਕਮ ਵਧ ਵੀ ਸਕਦੀ ਹੈ। ਏਨੇ ਖਰਚ ਉੱਤੇ ਆਪੋਜ਼ੀਸ਼ਨ ਪਾਰਟੀਆਂ ਸਵਾਲ ਉਠਾ ਰਹੀਆਂ ਹਨ ਤੇ ਉਹ ਇਸ ਤੋਂ ਪਹਿਲਾਂ ਜੀ-20 ਸਿਖਰ ਸੰਮੇਲਨ ਦੇ ਮੇਜ਼ਬਾਨ ਦੇਸ਼ਾਂ ਵੱਲੋਂ ਕੀਤੇ ਖਰਚੇ ਤੇ ਭਾਰਤ ਵੱਲੋਂ ਕੀਤੇ ਖਰਚੇ ਦੀ ਤੁਲਨਾ ਕਰ ਰਹੀਆਂ ਹਨ।
ਸਿਰਫ ‘ਭਾਰਤ ਮੰਡਪਮ’ ਦੀ ਲਾਗਤ 2700 ਕਰੋੜ ਰੁਪਏ ਆਈ ਦੱਸੀ ਗਈ ਹੈ। ਇਸ ਤੋਂ ਪਹਿਲਾਂ 2022 ਵਿਚ ਇੰਡੋਨੇਸ਼ੀਆ ਨੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਦਿਆਂ 364 ਕਰੋੜ ਰੁਪਏ ਖਰਚੇ ਸਨ। ਜਰਮਨੀ ਨੇ 2017 ਵਿਚ 642 ਕਰੋੜ, ਅਰਜਨਟੀਨਾ ਨੇ 2018 ਵਿਚ 931 ਕਰੋੜ ਤੇ ਰੂਸ ਨੇ 2013 ਵਿਚ 170 ਕਰੋੜ ਰੁਪਏ ਖਰਚੇ ਸਨ। 2019 ਵਿਚ ਜਾਪਾਨ ਨੇ 2600 ਕਰੋੜ ਰੁਪਏ ਨਾਲ ਕੰਮ ਚਲਾਇਆ ਸੀ। ਹਰ ਮੌਕੇ ਨੂੰ ਚੋਣ ਪ੍ਰੋਗਰਾਮ ਵਿਚ ਬਦਲਣ ਦੀ ਮੋਦੀ ਦੀ ਪ੍ਰਵਿਰਤੀ ਦੇਸ਼ ਨੂੰ ਭਾਰੀ ਵਿੱਤੀ ਬੋਝ ਥੱਲੇ ਪਾ ਰਹੀ ਹੈ। ਆਪੋਜ਼ੀਸ਼ਨ ਪਾਰਟੀਆਂ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਏਨਾ ਖਰਚ ਕਰਨ ਦੇ ਬਾਵਜੂਦ ਮੀਂਹ ਆਉਣ ਕਾਰਨ ਭਾਰਤ ਮੰਡਪਮ’ ਦੇ ਅੰਦਰ ਪਾਣੀ ਵੜ ਗਿਆ। ਕਾਂਗਰਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਮਹਿੰਗਾਈ ਤੋਂ ਰਾਹਤ ਪਹੁੰਚਾਉਣ ਅਤੇ ਮੀਂਹ ਕਾਰਨ ਤਬਾਹ ਹੋਏ ਹਿਮਾਚਲ ਦੀ ਮੁੜ ਉਸਾਰੀ ਲਈ ਪੈਸੇ ਨਹੀਂ ਦਿੱਤੇ, ਪਰ ਆਪਣੀ ਬੱਲੇ-ਬੱਲੇ ਕਰਾਉਣ ਲਈ ਅੰਨ੍ਹੇਵਾਹ ਪੈਸੇ ਖਰਚ ਦਿੱਤੇ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਮੁਤਾਬਕ ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆ-ਭਰ ਦੀਆਂ ਸਰਕਾਰਾਂ ਨੇ ਖਰਚ ਘਟਾ ਦਿੱਤੇ, ਪਰ ਮੋਦੀ ਆਪਣੀ ਪਬਲੀਸਿਟੀ ਲਈ ਪਾਣੀ ਦੀ ਤਰ੍ਹਾਂ ਪੈਸਾ ਵਹਾਉਣਾ ਜਾਰੀ ਰੱਖੇ ਹੋਏ ਹਨ। ਜਿਹੜੀ ਸਰਕਾਰ ਨੇ ਪੈਟਰੋਲ/ਡੀਜ਼ਲ ਦੇ ਰੇਟਾਂ ਵਿਚ ਰਾਹਤ ਨਹੀਂ ਦਿੱਤੀ, ਫਸਲਾਂ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ, ਮੀਂਹਾਂ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਪੈਸੇ ਨਹੀਂ ਦਿੱਤੇ, ਉਸ ਨੇ ਆਪਣਾ ਅਕਸ ਸੁਧਾਰਨ ਲਈ ਸਿਖਰ ਸੰਮੇਲਨ ਦੇ ਬਜਟ ਨਾਲੋਂ ਕਿਤੇ ਵੱਧ ਪੈਸੇ ਖਰਚ ਕਰ ਦਿੱਤੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਅਗਸਤ ਵਿਚ ਆਮ ਖਾਣੇ ਦੀ ਥਾਲੀ ਦਾ ਰੇਟ 24 ਫੀਸਦੀ ਵਧ ਗਿਆ ਤੇ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 8 ਫੀਸਦੀ ਹੈ। ਜੀ-20 ਸਿਖਰ ਸੰਮੇਲਨ ਤੋਂ ਬਾਅਦ ਮੋਦੀ ਨੂੰ ਹੁਣ ਇਸ ਪਾਸੇ ਵੀ ਦੇਖਣਾ ਚਾਹੀਦਾ ਹੈ। ਖੜਗੇ ਨੇ ਆਪਣੇ ਆਪ ਨੂੰ ਬੇਦਾਗ ਕਹਾਉਣ ਵਾਲੀ ਮੋਦੀ ਸਰਕਾਰ ਦਾ ਧਿਆਨ ਜੰਮੂ-ਕਸ਼ਮੀਰ ਦੇ 13000 ਕਰੋੜ ਰੁਪਏ ਦੇ ਜਲ ਜੀਵਨ ਘੁਟਾਲੇ ਵੱਲ ਦਿਵਾਉਦਿਆਂ ਕਿਹਾ ਹੈ ਕਿ ਇਸ ਵਿਚ ਇਕ ਦਲਿਤ ਆਈ ਏ ਐੱਸ ਅਫਸਰ ਨੂੰ ਇਸ ਕਰਕੇ ਪ੍ਰੇਸ਼ਾਨ ਕੀਤਾ ਗਿਆ, ਕਿਉਕਿ ਉਸ ਨੇ ਭਿ੍ਰਸ਼ਟਾਚਾਰ ਨੂੰ ਉਜਾਗਰ ਕੀਤਾ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਸੋਨੇ ਦੀ ਥਾਲੀ ਵਿਚ ਛਪੰਜਾ ਭੋਗ ਪਰੋਸੇ ਗਏ ਅਤੇ ਦੇਸ਼ ਦੇ ਕਰੋੜਾਂ ਲੋਕ ਪੰਜ ਕਿੱਲੋ ਅਨਾਜ ਭਰੋਸੇ ਹਨ। ਭਾਜਪਾ ਵੱਲੋਂ ਦਿਖਾਏ ਸੁਨਹਿਰੀ ਸੁਫਨੇ ਦੀ ਨੀਂਦ ਤੋਂ ਲੋਕ ਜਾਗ ਗਏ ਹਨ, ਉਜ ਵੀ ਭੁੱਖੀ ਅੱਖ ਨੂੰ ਸੁਨਹਿਰੇ ਸੁਫਨੇ ਨਹੀਂ ਆ ਸਕਦੇ।