ਇਧਰ-ਉਧਰ ਦੀਆਂ ਛੱਡੋ, ਮਹਿੰਗਾਈ ‘ਤੇ ਆਓ

0
180

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਸਨਾਤਨ ਧਰਮ ਨੂੰ ਸਭ ਤੋਂ ਵੱਡਾ ਮੁੱਦਾ ਬਣਾਉਣ ‘ਤੇ ਤੁਲ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਘੇਰਦਿਆਂ ਸਵਾਲ ਕੀਤਾ-ਤੂ ਇਧਰ-ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ? ਮੋਦੀ ਜੀ, ਇਧਰ-ਉਧਰ ਦੀਆਂ ਗੱਲਾਂ ਕਰ ਕੇ ਜਨਤਾ ਦਾ ਧਿਆਨ ਮਹਿੰਗਾਈ ਦੀ ਮਹਾਂ-ਲੁੱਟ ਤੋਂ ਹਟਾਉਣਾ ਚਾਹੁੰਦੇ ਹਨ | ਮੋਦੀ ਸਰਕਾਰ ਦੀ ਮਹਾਂ-ਲੁੱਟ ਦੇ ਚਲਦਿਆਂ ਲੱਕਤੋੜ ਮਹਿੰਗਾਈ ਦਾ ਸਭ ਤੋਂ ਵੱਧ ਖਮਿਆਜ਼ਾ 20 ਫੀਸਦੀ ਸਭ ਤੋਂ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਅਸਮਾਨ ਛੂਹ ਰਹੇ ਹਨ ਤੇ ਦੇਸ਼ ਹੁਣ ਇਹ ਜਾਣ ਗਿਆ ਹੈ ਕਿ ਉਸ ਦੀਆਂ ਤਕਲੀਫਾਂ ਦਾ ਇੱਕੋਇੱਕ ਕਾਰਨ ਭਾਜਪਾ ਹੀ ਹੈ | ਆਉਣ ਵਾਲੀਆਂ ਚੋਣਾਂ ਵਿਚ ਲੋਕ ਭਾਜਪਾ ਨੂੰ ਸਬਕ ਸਿਖਾ ਕੇ ਇਸ ਮਹਾਂ-ਲੁੱਟ ਦਾ ਬਦਲਾ ਜ਼ਰੂਰ ਲੈਣਗੇ | ਮਹਿੰਗਾਈ ਦੇ ਮੁੱਦੇ ‘ਤੇ ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ!’
ਖੜਗੇ ਨੇ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਰਹਿੰਦੇ ਸਭ ਤੋਂ ਗਰੀਬ 20 ਫੀਸਦੀ ਲੋਕਾਂ ਨੂੰ 7.2 ਫੀਸਦੀ ਨੋਟਪਸਾਰੇ ਤੇ ਸ਼ਹਿਰੀ ਇਲਾਕਿਆਂ ਵਿਚ 7.6 ਫੀਸਦੀ ਨੋਟਪਸਾਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰਾਂ ਵਿਚ ਸਭ ਤੋਂ ਅਮੀਰ 20 ਫੀਸਦੀ ਲੋਕ 6.7 ਫੀਸਦੀ ਤੇ ਪਿੰਡਾਂ ਵਿਚ 6.5 ਫੀਸਦੀ ਨੋਟਪਸਾਰੇ ਦਾ ਸਾਹਮਣਾ ਕਰ ਰਹੇ ਹਨ | ਚੌਲ 9.1 ਫੀਸਦੀ, ਅਰਹਰ ਦਾਲ 37.1 ਫੀਸਦੀ, ਪਿਆਜ਼ 23.2 ਫੀਸਦੀ, ਮਸਾਲੇ 28.6 ਫੀਸਦੀ ਤੇ ਦੁੱਧ 9.4 ਫੀਸਦੀ ਮਹਿੰਗੇ ਹੋ ਚੁੱਕੇ ਹਨ | ਇਸ ਦੌਰਾਨ ਖਬਰ ਹੈ ਕਿ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਸ਼ਨੀਵਾਰ ਹੈਦਰਾਬਾਦ ‘ਚ ਹੋਵੇਗੀ, ਜਿਸ ਵਿਚ ਵਿਰੋਧੀ ਗਠਜੋੜ ‘ਇੰਡੀਆ’ ਦੀ ਏਕਤਾ ਨੂੰ ਅੱਗੇ ਵਧਾਉਣ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ, ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਹੋਰ ਕਈ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ | ਕਾਂਗਰਸ ਨੇ 20 ਅਗਸਤ ਨੂੰ ਆਪਣੀ ਵਰਕਿੰਗ ਕਮੇਟੀ ਦਾ ਪੁਨਰਗਠਨ ਕੀਤਾ ਸੀ, ਜਿਸ ‘ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ | ਸਚਿਨ ਪਾਇਲਟ ਅਤੇ ਸ਼ਸ਼ੀ ਥਰੂਰ ਵਰਗੇ ਨੇਤਾਵਾਂ ਨੂੰ ਪਹਿਲੀ ਵਾਰ ਇਸ ਵਰਕਿੰਗ ਕਮੇਟੀ ‘ਚ ਜਗ੍ਹਾ ਮਿਲੀ ਹੈ |

LEAVE A REPLY

Please enter your comment!
Please enter your name here