ਵਿਜੇਵਾੜਾ, ਆਂਧਰਾ ਪ੍ਰਦੇਸ਼ (ਗਿਆਨ ਸੈਦਪੁਰੀ)
ਰੁਜ਼ਗਾਰ ਅਤੇ ਨੌਜਵਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਰਬ ਭਾਰਤ ਨੌਜਵਾਨ ਸਭਾ ਆਂਧਰਾ ਪ੍ਰਦੇਸ਼ ਸੂਬਾਈ ਕਮੇਟੀ ਵੱਲੋਂ ਨੌਜਵਾਨਾਂ ਦਾ ਇੱਕ ਵਿਸ਼ਾਲ ਮਾਰਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤਾ ਗਿਆ। ਮਾਰਚ ਤੋਂ ਪਹਿਲਾਂ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵਿਜੈਵਾੜਾ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਆਂਧਰਾ ਪ੍ਰਦੇਸ਼ ਅਤੇ ਦੇਸ਼ ਵਿੱਚ ਡਬਲ ਇੰਜਣ ਸਰਕਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਵਿੱਚ ਫੇਲ੍ਹ ਹੋ ਰਹੀ ਹੈ। ਡਬਲ ਇੰਜਣ ਕੇਵਲ ਸੱਤਾ ਸਥਾਪਤੀ ਲਈ ਪ੍ਰਚਾਰ ਦਾ ਧੂੰਆਂ ਹੈ, ਹਕੀਕਤ ਵਿੱਚ ਸਰਕਾਰ ਦੇਸ਼ ਦੀ ਤਰੱਕੀ ਨੂੰ ਅੱਗੇ ਤੋਰਨ ਵਿੱਚ ਨਾਕਾਮ ਹੈ। ਉਹਨਾ ਕਿਹਾ ਕਿ ਅੱਗੇ ਵਧਣ ਲਈ ਆਮ ਤੌਰ ’ਤੇ ਇੱਕ ਹੀ ਮਜ਼ਬੂਤ ਇੰਜਣ ਕਾਫ਼ੀ ਹੁੰਦਾ, ਪਰ ਭਾਜਪਾ ਨੂੰ ਆਪਣੀ ਹੋਂਦ ਜਿਤਾਉਣ ਲਈ ਟਿ੍ਰਪਲ ਇੰਜਣਾਂ ਦਾ ਖੜਕਾ ਕਰਨਾ ਪੈ ਰਿਹਾ ਹੈ। ਮਹੇਸਰੀ ਨੇ ਕਿਹਾ ਕਿ ਦਿਨੋਂ-ਦਿਨ ਭਾਜਪਾ ਦੇ ਡਬਲ ਇੰਜਣ ਬੇਰੁਜ਼ਗਾਰੀ ਡਬਲ ਕਰ ਰਹੇ, ਉਸ ਦੇ ਡਬਲ ਇੰਜਣ ਸਮਗਲਿੰਗ ਤੇ ਅਪਰਾਧ ਡਬਲ ਕਰ ਰਹੇ, ਭਾਜਪਾ ਦੇ ਡਬਲ ਇੰਜਣ ਰੋਜ਼ਾਨਾ ਕਾਰਪੋਰੇਟ ਦੌਲਤ ਨੂੰ ਡਬਲ ਕਰਨ ਦੇ ਕੰਮ ਲੱਗੇ ਹੋਏ।ਉਹਨਾ ਕਿਹਾ ਕਿ ਤੇਲਗੂ ਨੌਜਵਾਨ ਪੀੜ੍ਹੀ ਨੂੰ ਪੂਰੇ ਦੇਸ਼ ਦੀ ਨੌਜਵਾਨ ਵਸੋਂ ਨਾਲ ਇਕਮੁੱਠਤਾ ਜ਼ਾਹਰ ਕਰਦਿਆਂ ਅੱਗੇ ਵਧਣਾ ਹੋਵੇਗਾ।ਅੱਜ ਏ ਆਈ ਦੇ ਦੌਰ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੋ ਗਈ ਹੈ। ਅੱਜ ਰੁਜ਼ਗਾਰ ਮੰਗਦੇ ਤੇਲਗੂ, ਤਾਮਿਲ, ਮਰਾਠੀ, ਪੰਜਾਬੀ, ਬੰਗਾਲੀ, ਬਿਹਾਰੀ ਨੌਜਵਾਨਾਂ ਲਈ ਪਾਰਲੀਮੈਂਟ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਨੂੰਨ ਸਥਾਪਤ ਕਰੇ। ਨੌਜਵਾਨ ਪੀੜ੍ਹੀ, ਭਾਜਪਾ ਦੀਆਂ ਫਿਰਕੂ-ਜਾਤੀ ਸਾਜ਼ਿਸ਼ਾਂ ਨੂੰ ਪਛਾੜ ਕੇ ਇਸ ਦੇ ਲਈ ਇੱਕਜੁੱਟ ਹੋ ਕੇ ਅੱਗੇ ਵਧੇ।
ਸੂਬਾ ਸਕੱਤਰ ਤੇ ਨੌਜਵਾਨਾਂ ਦੇ ਸੂਬਾਈ ਇੰਚਾਰਜ ਈਸ਼ਵਰੱਈਆ ਨੇ ਕਿਹਾ ਕਿ ਸੂਬੇ ਅੰਦਰ ਨੌਜਵਾਨਾਂ ਦਾ ਇਹ ਅੰਦੋਲਨ ਗੱਠਜੋੜ ਸਰਕਾਰ ਦੇ ਲੋਕ ਵਿਰੋਧੀ ਸ਼ਾਸਨ ਨੂੰ ਇੱਕ ਸਖ਼ਤ ਚੇਤਾਵਨੀ ਹੈ ਕਿ ਜੇਕਰ ਨੌਜਵਾਨ ਵਰਗ ਨੂੰ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਉਹ ਸੂਬੇ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਹਨਾਂ ਕਿਹਾ ਕਿ ਬੇਰੁਜ਼ਗਾਰੀ ਵਿਰੁੱਧ ਮੁਹਿੰਮ ਪੂਰੇ ਰਾਜ ਵਿੱਚ ਗੂੰਜ ਉੱਠੀ ਹੈ, ਜੋ ਦਰਸਾਉਦੀ ਹੈ ਕਿ ਜੇਕਰ ਸਰਕਾਰ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਆਪਣਾ ਰੁਖ਼ ਨਹੀਂ ਬਦਲਦੀ ਹੈ ਤਾਂ ਉਸ ਦਾ ਸੂਬੇ ਦੀ ਸੱਤਾ ਤੋਂ ਬਦਲਣਾ ਨੌਜਵਾਨ ਤੈਅ ਕਰਨਗੇ।
ਇਸ ਮੌਕੇ ਸੰਬੋਧਨ ਕਰਦਿਆਂ ਸੂਬੇ ਦੇ ਸਕੱਤਰ ਪਰਚੁਰੀ ਰਾਜੇਂਦਰ ਬਾਬੂ ਅਤੇ ਪ੍ਰਧਾਨ ਯੁਗਾਂਧਰ ਨੇ ਕਿਹਾ ਟੀ ਡੀ ਪੀ ਤੇ ਭਾਜਪਾ ਸ਼ਾਸਨ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਵਧਿਆ ਹੈ। ਸਰਕਾਰ ਤੋਂ ਨਾ ਬੇਰੁਜ਼ਗਾਰੀ ਦਾ ਹੱਲ ਹੋਇਆ ਤੇ ਨਾ ਹੀ ਨਸ਼ਿਆਂ ਦਾ। ਉਹਨਾ ਕਿਹਾ ਕਿ ਚੋਣ ਵਾਅਦੇ ਅਨੁਸਾਰ ਨੂੰ ਬੇਰੁਜ਼ਗਾਰਾਂ ਨੂੰ 10,000 ਰੁਪਏ ਦਾ ਮਾਣਭੱਤਾ ਦਿੱਤਾ ਜਾਵੇ, ਨਸ਼ੇ ਦੇ ਸਮੱਗਲਰਾਂ ਨੂੰ ਠੱਲ੍ਹ ਪਾਈ ਜਾਵੇ ਅਤੇ ਰੁਜ਼ਗਾਰ ਮੰਗਦਿਆਂ ਲਈ ਸਥਾਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।ਸਮਾਗਮ ਦੌਰਾਨ ਇਕ ਪ੍ਰਭਾਵਸ਼ਾਲੀ ਰੈਲੀ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ। ਇਸ ਮੌਕੇ ਘੰਟਾ ਭਰ ਪੁਲਸ ਅਤੇ ਨੌਜਵਾਨਾਂ ਵਿਚਕਾਰ ਖਿਚੋਤਾਣ ਚੱਲਦੀ ਰਹੀ, ਟਕਰਾਅ ਨਾਲ ਕਈ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ। ਸਮਾਗਮ ਨੂੰ ਨੌਜਵਾਨ ਆਗੂਆਂ ਲੰਕਾ ਗੋਵਿੰਦਰਾਜੁਲੂ, ਵਾਈ ਬੌਬੀ, ਸ਼ੇਖ ਸੁਭਾਨੀ, ਕੋਂਗਾਰਾ ਸ੍ਰੀਨਿਵਾਸੁਲੂ, ਰਾਮਬਾਬੂ, ਕੋਨਾ ਸ੍ਰੀਨਿਵਾਸ ਰਾਓ ਤੇ ਨਾਗਾਰਾਮੁਡੂ ਨੇ ਵੀ ਸੰਬੋਧਨ ਕੀਤਾ।




