ਜਲੰਧਰ : ਜਲੰਧਰ ਤੋਂ ਹਿਮਾਚਲ ਘੁੰਮਣ ਗਏ ਨੌਜਵਾਨ ਦੀ ਧਰਮਸ਼ਾਲਾ ’ਚ ਮੌਤ ਹੋ ਗਈ। ਉਹ ਧਰਮਸ਼ਾਲਾ ਦੇ ਮੈਕਲੋਡਗੰਜ ’ਚ ਸਥਿਤ ਭਗਸ਼ੂ ਨਾਗ ਵਾਟਰ ਫਾਲ ਨੇੜੇ ਨਹਾਉਣ ਲਈ ਦੋਸਤਾਂ ਨਾਲ ਪਾਣੀ ’ਚ ਗਿਆ ਸੀ। ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ। ਹਿਮਾਚਲ ਐੱਸ ਡੀ ਆਰ ਐੱਫ ਨੇ ਨੌਜਵਾਨ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 100 ਮੀਟਰ ਥੱਲਿਓਂ ਬਰਾਮਦ ਕੀਤੀ। ਮਰਨ ਵਾਲੇ ਦੀ ਪਛਾਣ ਜਲੰਧਰ ਨਿਵਾਸੀ ਪਵਨ ਕੁਮਾਰ (32) ਦੇ ਤੌਰ ’ਤੇ ਹੋਈ ਹੈ। ਮਿ੍ਰਤਕ ਦੇ ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਸਾਥੀ ਧਰਮਸ਼ਾਲਾ ਘੁੰਮਣ ਆਏ ਸਨ। ਉਹ ਸਾਰੇ ਭਗਸ਼ੂ ਨਾਗ ਵਾਟਰ ਫਾਲ ਥੱਲੇ ਨਾਲੇ ’ਚ ਨਹਾ ਰਹੇ ਸਨ। ਇਸ ਦੌਰਾਨ ਨਾਲੇ ’ਚ ਅਚਾਨਕ ਪਾਣੀ ਵਧ ਗਿਆ ਅਤੇ ਵਹਾਅ ਤੇਜ਼ ਹੋ ਗਿਆ। ਇਸ ਤੋਂ ਪਹਿਲਾਂ ਪਾਣੀ ਹੋਰ ਵਧਦਾ, ਦੋ ਜਣੇ ਸੁਰੱਖਿਅਤ ਨਿਕਲ ਕੇ ਦੂਜੇ ਪਾਸੇ ਪਹੁੰਚ ਗਏ, ਪਰ ਜਦ ਪਵਨ ਪਾਣੀ ’ਚ ਉਤਰਿਆ ਤਾਂ ਉਹ ਖੁਦ ਨੂੰ ਸੰਭਾਲ ਨਹੀਂ ਸਕਿਆ ਅਤੇ ਪਾਣੀ ’ਚ ਵਹਿ ਗਿਆ। ਐੱਸ ਪੀ ਕਾਂਗੜਾ ਬੀਰ ਬਹਾਦਰ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਵਾਰ ਨੂੰ ਸੌਂਪ ਦਿੱਤੀ ਜਾਵੇਗੀ।