ਹੈਦਰਾਬਾਦ : ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਐਤਵਾਰ ਇੱਥੇ ਕਿਹਾ ਕਿ ਸਨਾਤਨ ਧਰਮ ਦਾ ਵਿਵਾਦ ਸਭ ਤੋਂ ਪਹਿਲਾਂ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਨੇ ਸ਼ੁਰੂ ਕੀਤਾ, ਜਦੋਂ ਇਸ ਮਹੀਨੇ ਦੇ ਸ਼ੁਰੂ ਵਿਚ ਨਾਗਪੁਰ ’ਚ ਉਨ੍ਹਾ ਹਿੰਦੂ ਧਰਮ ਬਾਰੇ ਬੋਲਦਿਆਂ ਕਿਹਾ-ਅਸੀਂ ਹਿੰਦੂ ਧਰਮ ਵਿਚ 2000 ਸਾਲ ਆਪਣੇ ਸਾਥੀਆਂ ਨਾਲ ਵਿਤਕਰਾ ਕੀਤਾ। ਅਸੀਂ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ। ਜਦੋਂ ਤੱਕ ਅਸੀਂ ਉਨ੍ਹਾਂ ਨੂੰ ਬਰਾਬਰੀ ਨਹੀਂ ਪ੍ਰਦਾਨ ਕਰਦੇ, ਉਦੋਂ ਤੱਕ ਕੁਝ ਖਾਸ ਕਰਨਾ ਪਵੇਗਾ ਤੇ ਵਿਤਕਰਾ ਦੂਰ ਹੋਣ ਤੱਕ ਰਿਜ਼ਰਵੇਸ਼ਨ ਜਾਰੀ ਰੱਖਣੀ ਇਸ ਵਿਚ ਸ਼ਾਮਲ ਹੈ। ਭਾਗਵਤ ਨੇ ਕਿਹਾ ਕਿ ਸਿਰਫ ਮਾਲੀ ਜਾਂ ਸਿਆਸੀ ਬਰਾਬਰੀ ਦਾ ਹੀ ਸਵਾਲ ਨਹੀਂ, ਉਨ੍ਹਾਂ ਨੂੰ ਇੱਜ਼ਤ ਦੇਣੀ ਪਵੇਗੀ। ਜੇ ਸਮਾਜ ਦੇ ਵਰਗਾਂ ਨੇ 2000 ਸਾਲ ਵਿਤਕਰਾ ਝੱਲਿਆ ਤਾਂ ਅਸੀਂ (ਜਿਨ੍ਹਾਂ ਵਿਤਕਰਾ ਨਹੀਂ ਝੱਲਿਆ) ਉਨ੍ਹਾਂ ਖਾਤਰ 200 ਸਾਲ ਕਿਉ ਮੁਸ਼ਕਲ ਨਹੀਂ ਝੱਲ ਸਕਦੇ।
ਚੇਤੇ ਰਹੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਮੰਤਰੀ ਬੇਟੇ ਉਦੈਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ’ਚ ਹਿੰਦੂਆਂ ਨਾਲ ਹੀ ਵਿਤਕਰਾ ਹੋਣ ਦੀ ਗੱਲ ਕਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂ ਰੋਜ਼ ਬਿਆਨ ਦੇ ਰਹੇ ਹਨ ਕਿ ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਸਨਾਤਨ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ।