ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਹਿਲੀ ਸੂਬਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਕਾਰਜਕਾਰਨੀ ’ਚ ਉਨ੍ਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੂੰ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਸੌਂਪੀ ਹੈ, ਜਦਕਿ ਜਲੰਧਰ ਦੇ ਸਾਬਕਾ ਸੀ ਪੀ ਐੱਸ ਸ੍ਰੀ ਕੇ ਡੀ ਭੰਡਾਰੀ ਤੇ ਰਾਜੇਸ਼ ਬਾਘਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਰਾਕੇਸ਼ ਰਾਠੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੋਰ ਕਮੇਟੀ ’ਚ ਕੈਪਟਨ ਅਮਰਿੰਦਰ ਸਿੰਘ, ਵਿਜੇ ਸਾਂਪਲਾ ਅਤੇ ਮਨੋਰੰਜਨ ਕਾਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਭਾਜਪਾ ਵੱਲੋਂ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਹਿਲਾ ਮੋਰਚਾ ਦਾ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਕੋਰ ਗਰੁੱਪ ’ਚ 21 ਮੈਂਬਰ ਸ਼ਾਮਲ ਕੀਤੇ ਗਏ ਹਨ। ਕੋਰ ਗਰੁੱਪ ’ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ, ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਾਜ ਕੁਮਾਰ ਵੇਰਕਾ, ਸਾਬਕਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਜੰਗੀ ਲਾਲ ਮਹਾਜਨ, ਦਿਨੇਸ਼ ਬੱਬੂ, ਜੀਵਨ ਗੁਪਤਾ, ਮਨਪ੍ਰੀਤ ਸਿੰਘ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਸੁਰਜੀਤ ਸਿੰਘ ਵਿਰਕ, ਅਮਨਜੋਤ ਕੌਰ ਰਾਮੂਵਾਲੀਆ, ਤੀਕਸ਼ਣ ਸੂਦ, ਅਵਿਨਾਸ਼ ਚੰਦਰ, ਐੱਸ ਪੀ ਐੱਸ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ, ਜਦਕਿ 12 ਉਪ ਪ੍ਰਧਾਨ, 4 ਸੂਬਾ ਜਨਰਲ ਸਕੱਤਰ ਤੇ 12 ਸੂਬਾ ਸਕੱਤਰਾਂ ਦਾ ਵੀ ਐਲਾਨ ਕੀਤਾ ਗਿਆ ਹੈ।
ਜੈ ਇੰਦਰ ਕੌਰ ਨੇ ਸੋਸ਼ਲ ਮੀਡੀਆ ’ਤੇ ਲਿਖਿਆਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ ਪੀ ਨੱਢਾ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਮੈਨੂੰ ਪੰਜਾਬ ਮਹਿਲਾ ਮੋਰਚਾ ਦਾ ਪ੍ਰਧਾਨ ਨਿਯੁਕਤ ਕਰਨ ਲਈ ਧੰਨਵਾਦ ਕਰਦੀ ਹਾਂ। ਉਨ੍ਹਾ ਕਿਹਾਪਾਰਟੀ ਦੇ ਇਸਤਰੀ ਵਿੰਗ ਦੀ ਅਗਵਾਈ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਅਤੇ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਪਾਰਟੀ ਦੀ ਬਿਹਤਰੀ ਅਤੇ ਸਾਡੇ ਪਿਆਰੇ ਪੰਜਾਬ ਦੇ ਲੋਕਾਂ ਲਈ ਲਗਾਤਾਰ ਮਿਹਨਤ ਕਰਦੀ ਰਹਾਂਗੀ।